ਵੱਡੀ ਖਬਰ : ਬੰਦ ਹੋਇਆ ਚੰਡੀਗੜ੍ਹ ਹਵਾਈ ਅੱਡਾ, ਉੜਾਨਾਂ ਰਹਿਣਗੀਆਂ ਬੰਦ

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਰਹੇਗਾ। ਇਸ ਦੌਰਾਨ ਰਨਵੇਅ ਦੀ ਮੁਰੰਮਤ ਤੇ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਜਾਵੇਗਾ। ਹਵਾਈ ਅੱਡੇ ਦੇ ਸੀ.ਈ.ਓ. ਅਜੇ ਵਰਮਾ ਨੇ ਦੱਸਿਆ ਕਿ ਰਨਵੇਅ-29 ਅਤੇ 11 ’ਤੇ ਪੋਲੀਮਰ ਮੋਡੀਫਾਈਡ ਇਮਲਸ਼ਨ ਨਾਲ ਮੁਰੰਮਤ ਹੋਵੇਗੀ ਅਤੇ ਗਰਾਊਂਡ ਲਾਈਟਿੰਗ ਸਿਸਟਮ ਨੂੰ ਵੀ ਅੱਪਗ੍ਰੇਡ ਕੀਤਾ ਜਾਵੇਗਾ।

ਇਸ ਦੌਰਾਨ ਸਿਰਫ਼ ਹੈਲੀਕਾਪਟਰ ਜਾਂ ਰੋਟਰੀ ਵਿੰਗ ਏਅਰਕ੍ਰਾਫਟ ਨੂੰ ਹੀ ਪਹਿਲਾਂ ਤੋਂ ਇਜਾਜ਼ਤ ਹੋਣ ’ਤੇ ਉਡਾਣ ਦੀ ਮਨਜ਼ੂਰੀ ਮਿਲੇਗੀ। ਰਨਵੇਅ ਨੂੰ ਹਵਾਈ ਫੌਜ ਅਤੇ ਸਿਵਲ ਏਅਰਲਾਈਨਜ਼ ਦੋਵੇਂ ਵਰਤਦੇ ਹਨ, ਇਸ ਲਈ ਨਿਯਮਿਤ ਤੌਰ ’ਤੇ ਰਿਨੋਵੇਸ਼ਨ ਲਾਜ਼ਮੀ ਹੁੰਦੀ ਹੈ।

ਏਅਰਲਾਈਨ ਕੰਪਨੀਆਂ ਨੇ 26 ਅਕਤੂਬਰ ਤੋਂ 7 ਨਵੰਬਰ ਤੱਕ ਟਿਕਟਾਂ ਦੀ ਬੁਕਿੰਗ ਰੱਦ ਕਰ ਦਿੱਤੀ ਹੈ ਅਤੇ ਯਾਤਰੀਆਂ ਨੂੰ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ।

ਸੂਤਰਾਂ ਮੁਤਾਬਕ, ਇਸ ਦੌਰਾਨ ਰਨਵੇਅ-11 ’ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈ.ਐੱਲ.ਐੱਸ.) ਕੈਟ-2 ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਨਹੀਂ ਬੋਲ ਰਹੇ, ਪਰ ਖਬਰ ਹੈ ਕਿ ਕੋਰੀਆ ਤੋਂ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਲਾਈਟਿੰਗ ਯੰਤਰ ਮੰਗਵਾਇਆ ਗਿਆ ਹੈ।