ਪੰਜਾਬੀ ਸੰਗੀਤ ਜਗਤ ਲਈ ਦੁੱਖਦਾਈ ਦਿਨ — ਅੱਜ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਉਨ੍ਹਾਂ ਦੇ ਜੱਦੀ ਪਿੰਡ ਪਿੰਡਾ ਪੋਨਾ (ਤਹਿਸੀਲ ਜਗਰਾਂਉ, ਜ਼ਿਲ੍ਹਾ ਲੁਧਿਆਣਾ) ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਸੰਗੀਤ ਇੰਡਸਟਰੀ ਦੇ ਕਈ ਪ੍ਰਸਿੱਧ ਚਿਹਰੇ ਅਤੇ ਰਾਜਨੀਤਿਕ ਹਸਤੀਆਂ ਨੇ ਹਾਜ਼ਰੀ ਭਰੀ ਅਤੇ ਰਾਜਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਸਮਾਰੋਹ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਤੋਂ ਰਾਜਵੀਰ ਦੀ ਪਤਨੀ ਨੂੰ ਅਗਲੇ 2–3 ਦਿਨਾਂ ਵਿੱਚ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਅਪੀਲ ਕਰਨਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਰਾਜਵੀਰ ਜਵੰਦਾ ਦੇ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਲੈਣਗੇ ਅਤੇ ਉਨ੍ਹਾਂ ਦਾ ਸਾਰਾ ਖਰਚਾ ਆਪ ਉਠਾਉਣਗੇ।
ਯਾਦ ਕਰਵਾ ਦਈਏ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ। ਉਹ ਆਪਣੇ ਪੰਜ ਸਾਥੀਆਂ ਦੇ ਨਾਲ ਵੱਖ-ਵੱਖ ਬਾਈਕਾਂ ‘ਤੇ ਸਫਰ ਕਰ ਰਹੇ ਸਨ। ਇਸ ਦੌਰਾਨ ਪਿੰਜੌਰ ਦੇ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਾਈਕ ਇੱਕ ਪਸ਼ੂ ਨਾਲ ਟਕਰਾਈ ਸੀ ਅਤੇ ਉਸ ਸਮੇਂ ਉੱਥੇ ਕੋਈ ਕਾਰ ਮੌਜੂਦ ਨਹੀਂ ਸੀ।
ਹਾਦਸੇ ਵਿੱਚ ਰਾਜਵੀਰ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਤੇ ਫਿਰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ 11 ਦਿਨ ਤੱਕ ਇਲਾਜ਼ ਹੇਠ ਰਹੇ। ਦੁੱਖ ਦੀ ਗੱਲ ਹੈ ਕਿ 8 ਅਕਤੂਬਰ 2025 ਨੂੰ ਰਾਜਵੀਰ ਜਵੰਦਾ ਨੇ ਆਖਿਰਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।