Moga News: ਪਿਤਾ ਦੀ ਮੌਤ ਮਗਰੋਂ ਬੈਂਕ ਖਾਤਿਆਂ ’ਚੋਂ 1.73 ਲੱਖ ਰੁਪਏ ਕਢਵਾਉਣ ਦਾ ਦੋਸ਼, ਕੇਸ ਦਰਜ
ਮੋਗਾ: ਥਾਣਾ ਸਿਟੀ ਸਾਊਥ ਪੁਲਿਸ ਨੇ ਬੈਂਕ ਖਾਤਿਆਂ ਨਾਲ ਕਥਿਤ ਧੋਖਾਧੜੀ ਕਰਕੇ 1 ਲੱਖ 73 ਹਜ਼ਾਰ 781 ਰੁਪਏ ਕਢਵਾਉਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ। ਮਾਮਲੇ ਸਬੰਧੀ ਜਾਣਕਾਰੀ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਵਰੁਣ ਕੁਮਾਰ ਵੱਲੋਂ ਦਿੱਤੀ ਗਈ।
ਪੁਲਿਸ ਅਨੁਸਾਰ ਸ਼ਿਕਾਇਤਕਰਤਾ ਪੂਨਮ ਸ਼ਰਮਾ ਪਤਨੀ ਵਿਵੇਕ ਸ਼ਰਮਾ, ਵਾਸੀ ਲੋਹੀਆਂ ਖਾਸ, ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਜਨਕ ਰਾਜ ਸ਼ਰਮਾ ਦੀ 4 ਅਗਸਤ 2025 ਨੂੰ ਮੌਤ ਹੋ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਬੈਂਕ ਨੂੰ ਲੋੜੀਂਦੀ ਜਾਣਕਾਰੀ ਦਿੱਤੇ ਬਿਨਾਂ ATM ਅਤੇ UPI ਰਾਹੀਂ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ ਰਕਮ ਕਢਵਾਈ ਗਈ।
ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਬੰਧਤ ਬੈਂਕ ਖਾਤਿਆਂ ਵਿੱਚੋਂ ਕੁੱਲ 1,73,781 ਰੁਪਏ ਕਢਵਾਏ ਗਏ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਹ ਰਕਮ ਬਿਨਾਂ ਉਚਿਤ ਅਧਿਕਾਰ ਦੇ ਕਢਵਾ ਕੇ ਧੋਖਾਧੜੀ ਅਤੇ ਵਿਸ਼ਵਾਸਘਾਤ ਕੀਤਾ ਗਿਆ।
ਪੁਲਿਸ ਨੇ ਜਾਂਚ ਦੇ ਆਧਾਰ ’ਤੇ ਸੌਰਵ ਸਮੀਰ ਸ਼ਰਮਾ ਪੁੱਤਰ ਜਨਕ ਰਾਜ ਸ਼ਰਮਾ, ਵਾਸੀ ਸ਼ਰੀਫਪੁਰਾ, ਅੰਮ੍ਰਿਤਸਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੈਂਕ ਖਾਤਿਆਂ ਨਾਲ ਸਬੰਧਤ ਲੈਣ-ਦੇਣ, ATM ਅਤੇ UPI ਰਾਹੀਂ ਹੋਈਆਂ ਟ੍ਰਾਂਜ਼ੈਕਸ਼ਨਾਂ ਸਮੇਤ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।







