ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਨੇ ਦੁਨੀਆਂ ਨੂੰ ਆਖਿਆ ਅਲਵਿਦਾ

ਮਸ਼ਹੂਰ ਪੰਜਾਬੀ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਜਾਣਕਾਰੀ ਮੁਤਾਬਕ, ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ‘ਚ ਇਲਾਜ ਅਧੀਨ ਸਨ। ਤਬੀਅਤ ਵਿਗੜਣ ਕਾਰਨ ਅੱਜ ਉਨ੍ਹਾਂ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ, 23 ਅਗਸਤ ਨੂੰ ਮੋਹਾਲੀ ਵਿੱਚ ਕੀਤਾ ਜਾਵੇਗਾ।

ਇੱਕ ਮਹੀਨੇ ਤੋਂ ਸਨ ਅਸਵੱਸਥ

ਭੱਲਾ ਦੇ ਕਰੀਬੀ ਸਾਥੀ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। “ਅਸੀਂ ਚਾਲੀ ਸਾਲਾਂ ਤੋਂ ਇਕੱਠੇ ਸਨ। ਉਸ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ ਅਤੇ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਵੱਖ-ਵੱਖ ਪਰਿਵਾਰਾਂ ਤੋਂ ਹਾਂ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਿਤਾਮਾ ਸਨ ਅਤੇ ਪਿਛਲੇ ਇੱਕ ਮਹੀਨੇ ਤੋਂ ਬੀਮਾਰ ਸਨ।”

ਜੀਵਨ ਅਤੇ ਕਰੀਅਰ

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ (ਲੁਧਿਆਣਾ) ਵਿੱਚ ਹੋਇਆ ਸੀ। ਉਹ ਇੱਕ ਪ੍ਰੋਫੈਸਰ ਦੇ ਤੌਰ ‘ਤੇ ਸੇਵਾ ਨਿਭਾਉਂਦੇ ਸਨ। 1988 ਵਿੱਚ “ਛਣਕਟਾ 88” ਨਾਲ ਕਾਮੇਡੀਅਨ ਵਜੋਂ ਆਪਣਾ ਪੇਸ਼ਾਵਰ ਸਫ਼ਰ ਸ਼ੁਰੂ ਕੀਤਾ ਅਤੇ ਫਿਲਮ “ਦੁੱਲਾ ਭੱਟੀ” ਨਾਲ ਅਦਾਕਾਰੀ ਦੀ ਦੁਨੀਆ ਵਿੱਚ ਦਾਖਲਾ ਕੀਤਾ। ਉਹ ਆਪਣੀ ਮਸ਼ਹੂਰ ਕਾਮੇਡੀ ਲੜੀ ਛਣਕਟਾ ਅਤੇ ਪੰਜਾਬੀ ਫਿਲਮਾਂ ਵਿੱਚ ਕੀਤੀਆਂ ਹਾਸਰਸ ਭੂਮਿਕਾਵਾਂ ਲਈ ਹਰ ਘਰ-ਘਰ ਵਿੱਚ ਜਾਣੇ ਜਾਂਦੇ ਸਨ।

ਇੰਡਸਟਰੀ ‘ਚ ਸੋਗ ਦੀ ਲਹਿਰ

ਭੱਲਾ ਦੇ ਦੇਹਾਂਤ ਦੀ ਖ਼ਬਰ ਨੇ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨੂੰ ਝਕਝੋਰ ਕੇ ਰੱਖ ਦਿੱਤਾ। ਕਈ ਮਸ਼ਹੂਰ ਗਾਇਕਾਂ ਜਿਵੇਂ ਨਛੱਤਰ ਗਿੱਲ, ਮੰਗੀ ਮਾਹਲ, ਗੁਰਵਿੰਦਰ ਕੈਂਡੋਵਾਲ, ਗੁਰਲੇਜ ਅਖਤਰ ਅਤੇ ਗੁਰਵਿੰਦਰ ਕੈਲੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੁਝ ਹੀ ਦਿਨ ਪਹਿਲਾਂ, ਮੰਗੀ ਮਾਹਲ ਨੇ ਵੀ ਉਨ੍ਹਾਂ ਨਾਲ ਵਿਦੇਸ਼ ‘ਚ ਇੱਕ ਸ਼ੋਅ ਦੌਰਾਨ ਬਣਾਈ ਵੀਡੀਓ ਸਾਂਝੀ ਕੀਤੀ ਸੀ।