ਮਲੇਸ਼ੀਆ ਤੋਂ ਡਿਪੋਰਟ ਹੋਏ ਬੰਬੀਹਾ ਗੈਂਗ ਦੇ 3 ਮੈਂਬਰ ਪੰਜਾਬ ਪੁਲੀਸ ਦੇ ਹੱਥੇ ਚੜ੍ਹੇ

ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਬੰਬੀਹਾ ਗੈਂਗ ਦੇ 3 ਕਥਿਤ ਮੈਂਬਰ ਪੰਜਾਬ ਪੁਲੀਸ ਦੀ ਗ੍ਰਿਫ਼ਤ ਵਿੱਚ

ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਲੋੜੀਂਦੇ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਭਾਰਤ ਡਿਪੋਰਟ ਕਰਵਾ ਕੇ ਆਪਣੀ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਜਾਣਕਾਰੀ ਬੁੱਧਵਾਰ ਨੂੰ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ।

ਡੀਜੀਪੀ ਅਨੁਸਾਰ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ (ਫ਼ਰੀਦਕੋਟ), ਅਜੇ ਸਿੰਘ ਅਤੇ ਪਵਨਦੀਪ ਸਿੰਘ (ਦੋਵੇਂ ਸ੍ਰੀ ਗੰਗਾਨਗਰ, ਰਾਜਸਥਾਨ) ਵਜੋਂ ਹੋਈ ਹੈ। ਤਿੰਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦੇ ਜਾਣ ਉਪਰੰਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੰਜਾਬ ਪੁਲੀਸ ਨੇ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਜਾਂਚ ਲਈ ਪੰਜਾਬ ਲਿਆਂਦਾ ਗਿਆ।

ਪੁਲੀਸ ਮੁਤਾਬਕ ਇਹ ਤਿੰਨੇ ਮਲੇਸ਼ੀਆ ਤੋਂ ਸਰਗਰਮ ਦਵਿੰਦਰ ਬੰਬੀਹਾ ਗੈਂਗ ਦੇ ਅਹਿਮ ਕਾਰਕੁਨ ਮੰਨੇ ਜਾਂਦੇ ਹਨ। ਉਨ੍ਹਾਂ ਖ਼ਿਲਾਫ਼ ਕਤਲ, ਫਿਰੌਤੀ, ਵਿਸਫੋਟਕਾਂ ਦੀ ਵਰਤੋਂ ਅਤੇ ਲੁਧਿਆਣਾ ਵਿੱਚ ਯੋਜਨਾਬੱਧ ਹੈਂਡ ਗ੍ਰਨੇਡ ਹਮਲੇ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ।

ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਦੱਸਿਆ ਕਿ ਇਹ ਕਾਰਵਾਈ ਕਈ ਮਹੀਨਿਆਂ ਤੱਕ ਚੱਲੇ ਖੁਫੀਆ ਅਧਾਰਿਤ ਆਪਰੇਸ਼ਨ ਦਾ ਨਤੀਜਾ ਹੈ। ਇਸ ਦੌਰਾਨ ਸੁਰੱਖਿਆ ਏਜੰਸੀਆਂ ਵੱਲੋਂ ਇਨ੍ਹਾਂ ਦੀਆਂ ਗਤੀਵਿਧੀਆਂ ਅਤੇ ਠਿਕਾਣਿਆਂ ’ਤੇ ਲਗਾਤਾਰ ਨਜ਼ਰ ਰੱਖੀ ਗਈ, ਜਿਸ ਤੋਂ ਬਾਅਦ ਮਲੇਸ਼ੀਆ ਵਿੱਚ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਭਾਰਤ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

ਆਈਜੀਪੀ ਓਫਟੈਕ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ 2019 ਵਿੱਚ ਮਲੇਸ਼ੀਆ ਗਿਆ ਸੀ ਅਤੇ ਉੱਥੇ ਗੈਂਗ ਨਾਲ ਜੁੜੇ ਤੱਤਾਂ ਦੇ ਸੰਪਰਕ ਵਿੱਚ ਆ ਕੇ ਬੰਬੀਹਾ ਗੈਂਗ ਦਾ ਹਿੱਸਾ ਬਣ ਗਿਆ। ਉਸ ਨੂੰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਯਦਵਿੰਦਰ ਸਿੰਘ ਅਤੇ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ ਦੇ ਕਤਲ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਦੇ ਅਨੁਸਾਰ ਅਜੇ ਸਿੰਘ ਅਤੇ ਪਵਨਦੀਪ ਸਿੰਘ ’ਤੇ ਵੀ 2025 ਵਿੱਚ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣ ਅਤੇ ਜ਼ਮੀਨੀ ਪੱਧਰ ’ਤੇ ਆਪਣੇ ਸਾਥੀਆਂ ਨੂੰ ਹਦਾਇਤਾਂ ਦੇਣ ਦੇ ਦੋਸ਼ ਹਨ। ਹਾਲਾਂਕਿ ਉਸ ਵੇਲੇ ਲੁਧਿਆਣਾ ਕਮਿਸ਼ਨਰੇਟ ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਹਮਲੇ ਦੀ ਯੋਜਨਾ ਨਾਕਾਮ ਕਰ ਦਿੱਤੀ ਸੀ ਅਤੇ ਉਨ੍ਹਾਂ ਕੋਲੋਂ ਇੱਕ ਚੀਨੀ ਬਣਾਵਟ ਦਾ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ ਸੀ।

ਵਿਦੇਸ਼ਾਂ ਵਿੱਚ ਲੁਕੇ ਹੋਏ ਅਪਰਾਧੀਆਂ ਦੀ ਪਛਾਣ, ਨਿਗਰਾਨੀ ਅਤੇ ਹਵਾਲਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪੰਜਾਬ ਪੁਲੀਸ ਨੇ ਆਈਜੀਪੀ ਆਸ਼ੀਸ਼ ਚੌਧਰੀ ਦੀ ਅਗਵਾਈ ਹੇਠ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (OFTEC) ਵੀ ਸਥਾਪਤ ਕੀਤਾ ਹੋਇਆ ਹੈ।