ਭੂਚਾਲ ਨਾਲ ਥਰ ਥਰ ਕੰਬੀ ਧਰਤੀ – ਪਈਆਂ ਭਾਜੜਾਂ

ਭੂਚਾਲ ਦੇ ਤਾਕਤਵਰ ਝਟਕੇ ਨਾਲ ਕੰਬਿਆ ਇਹ ਦੇਸ਼, ਡਰ ਕਰਕੇ ਘਰਾਂ ਤੋਂ ਬਾਹਰ ਨਿਕਲੇ ਲੋਕ

ਐਤਵਾਰ ਦੀ ਰਾਤ ਮੱਧ ਫਿਲੀਪੀਨਜ਼ ਵਿੱਚ ਇੱਕ ਹੋਰ ਤਗੜਾ ਭੂਚਾਲ ਆਇਆ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 8:05 ਵਜੇ ਲੇਇਟ ਟਾਪੂ ਦੇ ਨੇੜੇ ਦਰਜ ਕੀਤਾ ਗਿਆ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 5.7 ਮਾਪੀ ਗਈ ਜਦੋਂਕਿ ਇਸ ਦਾ ਕੇਂਦਰ ਟੈਂਬੋਂਗਨ ਤੋਂ ਲੱਗਭਗ 2 ਕਿਲੋਮੀਟਰ ਦੱਖਣ-ਦੱਖਣ ਪੂਰਬ, ਅਤੇ 10 ਕਿਲੋਮੀਟਰ ਡੂੰਘਾਈ ‘ਤੇ ਸੀ।

ਸੂਚਨਾਵਾਂ ਅਨੁਸਾਰ ਭੂਚਾਲ ਦੇ ਝਟਕੇ ਸਿਰਫ਼ ਲੇਇਟ ਤੱਕ ਹੀ ਸੀਮਿਤ ਨਹੀਂ ਰਹੇ, ਸਗੋਂ ਕੇਂਦਰੀ ਵਿਸਾਯਾਸ ਖੇਤਰ ਵਿੱਚ ਵੀ ਇਸਨੂੰ ਤਿੱਖੇ ਰੂਪ ਵਿੱਚ ਮਹਿਸੂਸ ਕੀਤਾ ਗਿਆ। ਹਾਲਾਂਕਿ, ਹੁਣ ਤੱਕ ਕਿਸੇ ਵੱਡੇ ਜਾਨੀ ਨੁਕਸਾਨ ਜਾਂ ਇਮਾਰਤਾਂ ਨੂੰ ਭਾਰੀ ਹਾਣੀ ਦੀ ਰਿਪੋਰਟ ਨਹੀਂ ਹੈ। ਫਿਰ ਵੀ ਸਾਵਧਾਨੀ ਦੇ ਤੌਰ ‘ਤੇ ਸਥਾਨਕ ਪ੍ਰਸ਼ਾਸਨ ਨੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਆਫ਼ਟਰਸ਼ਾਕਸ ਦੀ ਨਿਗਰਾਨੀ ਜਾਰੀ ਰੱਖੀ ਹੋਈ ਹੈ। ਭੂਚਾਲ ਦੇ ਝਟਕੇ ਮਹਿਸੂਸ ਕਰਦੇ ਹੀ ਲੋਕ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਦੌੜੇ ਅਤੇ ਕਈ ਥਾਵਾਂ ‘ਤੇ ਘਬਰਾਹਟ ਦਾ ਮਾਹੌਲ ਵੇਖਣ ਨੂੰ ਮਿਲਿਆ।