ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਦਹਿਸ਼ਤ ਮਾਰੇ ਘਰਾਂ ”ਚੋਂ ਬਾਹਰ ਭੱਜੇ ਲੋਕ

ਬੁੱਧਵਾਰ ਨੂੰ ਉੱਤਰ-ਪੱਛਮੀ ਵੈਨੇਜ਼ੁਏਲਾ ਵਿੱਚ ਭੂਚਾਲ ਦੇ ਤਗੜੇ ਝਟਕੇ ਦਰਜ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ, ਭੂਚਾਲ ਦੀ ਤੀਬਰਤਾ 6.2 ਰਹੀ ਅਤੇ ਇਸਦਾ ਕੇਂਦਰ ਜ਼ੁਲੀਆ ਸੂਬੇ ਦੇ ਮੇਨੇ ਗ੍ਰਾਂਡੇ ਸ਼ਹਿਰ ਤੋਂ ਲਗਭਗ 24 ਕਿਲੋਮੀਟਰ ਦੂਰ ਸੀ। ਇਹ ਸਥਾਨ ਰਾਜਧਾਨੀ ਕਾਰਾਕਸ ਤੋਂ ਕਰੀਬ 600 ਕਿਲੋਮੀਟਰ ਪੱਛਮ ਵੱਲ ਹੈ। ਭੂਚਾਲ ਸਿਰਫ਼ 7.8 ਕਿਲੋਮੀਟਰ ਡੂੰਘਾਈ ‘ਤੇ ਆਇਆ, ਜਿਸ ਕਾਰਨ ਕਈ ਰਾਜਾਂ ਵਿੱਚ ਕੰਪਨ ਮਹਿਸੂਸ ਹੋਏ ਅਤੇ ਇਸਦੇ ਝਟਕੇ ਪੜੋਸੀ ਦੇਸ਼ ਕੋਲੰਬੀਆ ਤੱਕ ਪਹੁੰਚੇ। ਡਰ ਕਾਰਨ ਲੋਕ ਘਰਾਂ ਤੇ ਦਫਤਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਨਿਕਲ ਪਏ। ਖੁਸ਼ਕਿਸਮਤੀ ਨਾਲ, ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਮੇਨੇ ਗ੍ਰਾਂਡੇ, ਜੋ ਮਾਰਾਕਾਇਬੋ ਝੀਲ ਦੇ ਪੂਰਬੀ ਕੰਢੇ ‘ਤੇ ਸਥਿਤ ਹੈ, ਵੈਨੇਜ਼ੁਏਲਾ ਦੇ ਤੇਲ ਉਦਯੋਗ ਦਾ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਇਹ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣਿਤ ਤੇਲ ਭੰਡਾਰਾਂ ਵਿੱਚੋਂ ਇੱਕ ਰੱਖਦਾ ਹੈ। ਭੂਚਾਲ ਤੋਂ ਬਾਅਦ ਵੀ ਸਰਕਾਰੀ ਚੈਨਲ ਆਪਣੀ ਨਿਯਮਤ ਪ੍ਰਸਾਰਣ ਕਰਦੇ ਰਹੇ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਗਿਆਨ ਸੰਬੰਧੀ ਪ੍ਰੋਗਰਾਮ ਵਿੱਚ ਸ਼ਾਮਲ ਨਜ਼ਰ ਆਏ। ਹਾਲਾਂਕਿ, ਸਰਕਾਰ ਨੇ ਇਸ ਘਟਨਾ ਬਾਰੇ ਅਧਿਕਾਰਤ ਬਿਆਨ ਅਜੇ ਤੱਕ ਜਾਰੀ ਨਹੀਂ ਕੀਤਾ। ਇਸ ਵੇਲੇ ਰਾਹਤ ਏਜੰਸੀਆਂ ਅਤੇ ਮਾਹਰ ਸਥਿਤੀ ‘ਤੇ ਨਿਗਰਾਨੀ ਕਰ ਰਹੇ ਹਨ।