Punjab State Power Corporation Limited ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਖ਼ਿਲਾਫ਼ ਕੜੀ ਕਾਰਵਾਈ ਕਰਦਿਆਂ ਵਿਸ਼ੇਸ਼ ਵਸੂਲੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਨਵੰਬਰ 2025 ਤੱਕ ਦੇ ਬਕਾਇਆ ਬਿੱਲ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਰੋਜ਼ਾਨਾ ਅਧਾਰ ’ਤੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਬਿਨਾਂ ਪੂਰੀ ਬਕਾਇਆ ਰਕਮ ਭਰਨ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ।
ਅਧਿਕਾਰਿਕ ਜਾਣਕਾਰੀ ਅਨੁਸਾਰ 31 ਜਨਵਰੀ 2026 ਤੱਕ ਖੇਤਰ ਦੇ ਖਪਤਕਾਰਾਂ ’ਤੇ ਲਗਭਗ 62.5 ਕਰੋੜ ਰੁਪਏ ਬਕਾਇਆ ਸਨ। ਇਸ ਵੱਡੀ ਰਕਮ ਨੂੰ ਦੇਖਦਿਆਂ ਫਰਵਰੀ ਦੀ ਸ਼ੁਰੂਆਤ ਤੋਂ ਹੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਅਤੇ ਹੁਣ ਤੱਕ ਕਰੀਬ 2.5 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਵਿਭਾਗ ਨੇ 31 ਮਾਰਚ ਤੱਕ 20 ਕਰੋੜ ਰੁਪਏ ਵਸੂਲਣ ਦਾ ਟੀਚਾ ਰੱਖਿਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲਕਸ਼ ਨਿਰਧਾਰਤ ਸਮੇਂ ਤੋਂ ਪਹਿਲਾਂ ਹਾਸਲ ਕੀਤਾ ਜਾ ਸਕਦਾ ਹੈ।
ਡਿਫਾਲਟਰਾਂ ’ਚ ਵੱਡੇ ਬਿਲਡਰਾਂ ਤੋਂ ਲੈ ਕੇ ਆਮ ਘਰੇਲੂ ਖਪਤਕਾਰ ਵੀ ਸ਼ਾਮਲ ਹਨ। ਕਈ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਬਿੱਲ ਅਦਾ ਨਾ ਕਰਨ ਕਾਰਨ ਵਿਭਾਗ ਦੀ ਵਿੱਤੀ ਸਥਿਤੀ ਪ੍ਰਭਾਵਿਤ ਹੋ ਰਹੀ ਸੀ। ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਬਕਾਇਆ ਦੀ ਜਾਂਚ ਕਰ ਰਹੀਆਂ ਹਨ ਅਤੇ ਅਦਾਇਗੀ ਨਾ ਹੋਣ ਦੀ ਸੂਰਤ ’ਚ ਤੁਰੰਤ ਕੁਨੈਕਸ਼ਨ ਕੱਟ ਰਹੀਆਂ ਹਨ।
ਸ਼ਹਿਰ ਵਿੱਚ ਐੱਸ ਪਲੱਸ ਫਲੈਟਾਂ ਦੇ ਨਿਰਮਾਣ ਦੌਰਾਨ ਕਈ ਬਾਹਰੀ ਬਿਲਡਰਾਂ ਨੇ ਅਸਥਾਈ ਮੀਟਰ ਲੈ ਕੇ ਕੰਮ ਸ਼ੁਰੂ ਕੀਤਾ ਸੀ। ਹੁਣ ਪਤਾ ਲੱਗਾ ਹੈ ਕਿ ਕੁਝ ਛੋਟੇ ਬਿਲਡਰ ਲੱਖਾਂ ਰੁਪਏ ਬਕਾਇਆ ਛੱਡ ਕੇ ਗਾਇਬ ਹੋ ਗਏ ਜਾਂ ਕਿਸੇ ਹੋਰ ਫਰਮ ਦੇ ਨਾਂ ’ਤੇ ਨਵਾਂ ਕੁਨੈਕਸ਼ਨ ਲੈ ਰਹੇ ਹਨ। ਵਿਭਾਗ ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਖਪਤਕਾਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਐੱਸ.ਡੀ.ਓ. ਰਾਕੇਸ਼ ਭਾਟੀਆ ਮੁਤਾਬਕ ਕਰਮਚਾਰੀਆਂ ਦੀ ਹੜਤਾਲ ਦੌਰਾਨ ਕਈ ਲੋਕਾਂ ਨੇ ਕਾਰਵਾਈ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਬਿੱਲ ਜਮ੍ਹਾਂ ਨਹੀਂ ਕਰਵਾਏ, ਪਰ ਹੁਣ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਪਿਛਲੇ ਇਕ ਹਫ਼ਤੇ ਵਿੱਚ 100 ਤੋਂ ਵੱਧ ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਜਿਨ੍ਹਾਂ ਨੇ ਬਕਾਇਆ ਭਰ ਦਿੱਤਾ ਹੈ, ਉਨ੍ਹਾਂ ਦੇ ਕੁਨੈਕਸ਼ਨ ਨਿਯਮਾਂ ਅਨੁਸਾਰ ਮੁੜ ਜੋੜੇ ਜਾ ਰਹੇ ਹਨ।
ਐੱਸ.ਡੀ.ਓ. ਹੇਮੰਤ ਕੁਮਾਰ ਨੇ ਦੱਸਿਆ ਕਿ ਕਰੀਬ 20 ਦਿਨਾਂ ਵਿੱਚ 2.5 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਜ਼ੀਰਕਪੁਰ ਸਰਕਲ ’ਚ ਕੁੱਲ ਬਕਾਇਆ 62 ਕਰੋੜ ਰੁਪਏ ਤੋਂ ਵੱਧ ਸੀ। ਫਿਲਹਾਲ ਉਹਨਾਂ ਖਪਤਕਾਰਾਂ ਖ਼ਿਲਾਫ਼ ਹੀ ਕਾਰਵਾਈ ਹੋ ਰਹੀ ਹੈ ਜਿਨ੍ਹਾਂ ’ਤੇ 30 ਨਵੰਬਰ 2025 ਤੱਕ ਦੀ ਰਕਮ ਬਕਾਇਆ ਹੈ। ਸਮੇਂ ਸਿਰ ਬਿੱਲ ਭਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ।






