ਸਿਆਸੀ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਨਿਜ਼ਾਮਾਬਾਦ ਵਿਧਾਨ ਸਭਾ ਹਲਕੇ ਤੋਂ ਪੰਜ ਵਾਰ ਵਿਧਾਇਕ ਰਹੇ ਸਮਾਜਵਾਦੀ ਪਾਰਟੀ (ਐਸਪੀ) ਦੇ ਸੀਨੀਅਰ ਆਗੂ ਆਲਮਬਦੀ ਆਜ਼ਮੀ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਬੁੱਧਵਾਰ, 22 ਜੁਲਾਈ ਨੂੰ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਵਿੱਚ ਲਖਨਊ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਮਈ, ਜੂਨ ਅਤੇ ਜੁਲਾਈ 2026 ਦੌਰਾਨ ਵੀ ਉਨ੍ਹਾਂ ਦਾ ਇਲਾਜ ਲਗਾਤਾਰ ਉੱਥੇ ਹੀ ਚੱਲਦਾ ਰਿਹਾ। ਆਖ਼ਿਰਕਾਰ ਇਲਾਜ ਦੌਰਾਨ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਪਣੀ ਸਾਦਗੀ, ਇਮਾਨਦਾਰੀ ਅਤੇ ਲੋਕਾਂ ਨਾਲ ਨਜ਼ਦੀਕੀ ਰਿਸ਼ਤੇ ਲਈ ਮਸ਼ਹੂਰ ਆਜ਼ਮੀ ਦੇ ਚਲੇ ਜਾਣ ਨਾਲ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਆਲਮਬਦੀ ਆਜ਼ਮੀ ਦਾ ਜਨਮ 16 ਮਾਰਚ 1936 ਨੂੰ ਆਜ਼ਮਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਨੇ 1953 ਵਿੱਚ ਇਸਲਾਮੀਆ ਕਾਲਜ, ਗੋਰਖਪੁਰ ਤੋਂ ਬਾਰ੍ਹਵੀਂ ਅਤੇ 1956 ਵਿੱਚ ਟੈਕਨੀਕਲ ਇੰਸਟੀਚਿਊਟ, ਗੋਰਖਪੁਰ ਤੋਂ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਸੀ। ਉਹ ਆਪਣੇ ਪਿੱਛੇ ਛੇ ਬੱਚਿਆਂ ਵਾਲਾ ਪਰਿਵਾਰ ਛੱਡ ਗਏ ਹਨ।
ਉਨ੍ਹਾਂ ਦੇ ਦੇਹਾਂਤ ਮਗਰੋਂ ਵੀਰਵਾਰ ਸਵੇਰੇ ਤੋਂ ਹੀ ਉਨ੍ਹਾਂ ਦੇ ਘਰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ। ਵੱਡੀ ਗਿਣਤੀ ਵਿੱਚ ਲੋਕਾਂ ਨੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉੱਧਰ, ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਵੱਖ-ਵੱਖ ਸਿਆਸੀ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ। ਸਮਾਜਵਾਦੀ ਪਾਰਟੀ ਦੀ ਸੰਭਲ ਤੋਂ ਵਿਧਾਇਕ ਪਿੰਕੀ ਯਾਦਵ ਨੇ ਸੋਸ਼ਲ ਮੀਡੀਆ ‘ਤੇ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ਵਿੱਚੋਂ ਇੱਕ ਅਤੇ ਨਿਜ਼ਾਮਾਬਾਦ ਹਲਕੇ ਦੀ ਪੰਜ ਵਾਰ ਨੁਮਾਇੰਦਗੀ ਕਰਨ ਵਾਲੇ ਆਲਮਬਦੀ ਆਜ਼ਮੀ ਦਾ ਦੇਹਾਂਤ ਸਿਆਸਤ ਅਤੇ ਸਮਾਜ ਲਈ ਵੱਡਾ ਘਾਟਾ ਹੈ।







