ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਕਾਰਨ ਸੱਪਾਂ ਦੇ ਡੰਗ ਮਾਰਨ ਦੇ ਕੇਸ ਵੱਧ ਸਕਦੇ ਹਨ। ਸੱਪ ਦੇ ਡੰਗ ਦੇ ਇਲਾਜ ਲਈ ਹਰ ਸਰਕਾਰੀ ਹਸਪਤਾਲ ਵਿੱਚ ਦਵਾਈ ਉਪਲੱਬਧ ਹੈ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਅਕਸਰ ਸੱਪਾਂ ਦੇ ਕਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀਂ, ਬਲਕਿ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ।
ਪੰਜਾਬ ਵਿੱਚ ਜਿੱਥੇ ਕਈ ਕਿਸਮਾਂ ਦੇ ਗੈਰ-ਜ਼ਹਿਰੀਲੇ ਸੱਪ ਪਾਏ ਜਾਂਦੇ ਹਨ, ਉੱਥੇ ਹੀ ਕਾਮਨ ਕਰੇਟ, ਰਸਲ ਵਾਇਪਰ ਅਤੇ ਕੋਬਰਾ ਵਰਗੇ ਬਹੁਤ ਹੀ ਜ਼ਹਿਰੀਲੇ ਸੱਪ ਵੀ ਮਿਲਦੇ ਹਨ। ਜੇ ਇਹ ਸੱਪ ਡੰਗਣ ਤਾਂ ਤੁਰੰਤ ਇੰਜੈਕਸ਼ਨ ਲਗਵਾਉਣਾ ਜ਼ਰੂਰੀ ਹੈ। ਡਾ. ਜੈਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸੱਪ ਦੇ ਡੰਗ ਤੋਂ ਬਾਅਦ ਝੋਲਾਛਾਪ ਡਾਕਟਰਾਂ ਜਾਂ ਬਾਬਿਆਂ ਕੋਲ ਜਾਣ ਦੀ ਬਜਾਏ ਸਿੱਧਾ ਹਸਪਤਾਲ ਜਾਣਾ ਚਾਹੀਦਾ ਹੈ, ਕਿਉਂਕਿ ਝੂਠੇ ਇਲਾਜ ਕਾਰਨ ਕਈ ਵਾਰ ਮਰੀਜ਼ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਜਾਨ ਵੀ ਜਾ ਸਕਦੀ ਹੈ।
70% ਸੱਪ ਜ਼ਹਿਰੀਲੇ ਨਹੀਂ ਹੁੰਦੇ – ਡਾ. ਜੈਨ ਨੇ ਕਿਹਾ ਕਿ ਮਰੀਜ਼ ਨੂੰ ਹੌਂਸਲਾ ਦੇਣਾ ਚਾਹੀਦਾ ਹੈ ਕਿਉਂਕਿ ਲਗਭਗ 70 ਫ਼ੀਸਦੀ ਸੱਪ ਬਿਲਕੁਲ ਜ਼ਹਿਰੀਲੇ ਨਹੀਂ ਹੁੰਦੇ। ਸੱਪ ਕਟਣ ’ਤੇ ਪਹਿਲਾਂ ਡੰਗ ਦੇ ਨਿਸ਼ਾਨ ਦੀ ਜਾਂਚ ਕਰੋ। ਡੰਗ ਵਾਲੇ ਹਿੱਸੇ ਨੂੰ ਉਸੇ ਤਰ੍ਹਾਂ ਸਪੋਰਟ ਦਿਓ, ਜਿਵੇਂ ਹੱਡੀ ਟੁੱਟਣ ’ਤੇ ਦਿੱਤੀ ਜਾਂਦੀ ਹੈ, ਤਾਂ ਜੋ ਉਹ ਹਿੱਸਾ ਹਿੱਲੇ ਨਾ ਪਰ ਬੰਨ੍ਹ ਇਸ ਤਰ੍ਹਾਂ ਨਾ ਕਰੋ ਕਿ ਖੂਨ ਦੀ ਸਪਲਾਈ ਹੀ ਰੁਕ ਜਾਵੇ। ਮਰੀਜ਼ ਨੂੰ ਦੌੜਣ ਜਾਂ ਖੁਦ ਵਾਹਨ ਚਲਾ ਕੇ ਹਸਪਤਾਲ ਜਾਣ ਤੋਂ ਬਚਣਾ ਚਾਹੀਦਾ ਹੈ। ਡੰਗ ਵਾਲੇ ਹਿੱਸੇ ਤੋਂ ਜੁੱਤੀ, ਕੰਗਣ, ਘੜੀ ਜਾਂ ਕੱਪੜੇ ਆਦਿ ਹਟਾ ਦਿਓ। ਡੰਗ ਵਾਲੀ ਥਾਂ ਨੂੰ ਕਟਣ ਜਾਂ ਚੀਰਣ ਦੀ ਕੋਸ਼ਿਸ਼ ਨਾ ਕਰੋ ਤੇ ਸੱਪ ਨੂੰ ਮਾਰਣ ਵਿੱਚ ਸਮਾਂ ਨਾ ਗਵਾਓ, ਸਿੱਧਾ ਮਰੀਜ਼ ਨੂੰ ਹਸਪਤਾਲ ਲੈ ਜਾਓ।
ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 108 ’ਤੇ ਕਾਲ ਕਰਕੇ ਐਂਬੂਲੈਂਸ ਬੁਲਾਈ ਜਾ ਸਕਦੀ ਹੈ।
ਸੱਪ ਦੇ ਡੰਗ ਦੇ ਮੁੱਖ ਲੱਛਣ: ਡੰਗ ਵਾਲੀ ਥਾਂ ’ਤੇ ਦਰਦ, ਸੋਜ, ਜ਼ਖ਼ਮ, ਖੂਨ, ਸਾਹ ਲੈਣ ਵਿੱਚ ਮੁਸ਼ਕਲ, ਨਿਗਲਣ ਤੇ ਬੋਲਣ ਵਿੱਚ ਦਿੱਕਤ, ਗਰਦਨ ਦੇ ਪੱਠਿਆਂ ਵਿੱਚ ਕਮਜ਼ੋਰੀ, ਸਿਰ ਚੁੱਕਣ ਵਿੱਚ ਤਕਲੀਫ਼, ਨੱਕ-ਕੰਨ-ਗਲੇ ਜਾਂ ਹੋਰ ਹਿੱਸਿਆਂ ਤੋਂ ਖੂਨ ਆਉਣਾ ਆਦਿ।