ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਵਧੀਆ ਤੇ ਸੁਚੱਜੀਆਂ ਸੇਵਾਵਾਂ ਉਪਲਬਧ ਕਰਵਾਉਣ ਲਈ ਇਕ ਹੋਰ ਮਹੱਤਵਪੂਰਣ ਕਦਮ ਚੁੱਕਿਆ ਗਿਆ ਹੈ। ਇਸ ਤਹਿਤ ਸੂਬੇ ਭਰ ਵਿਚ 44 ਹੋਰ ਸੇਵਾ ਕੇਂਦਰ ਚਲਾਏ ਜਾਣਗੇ, ਜਿਸ ਵਿੱਚ 16 ਨਵੇਂ ਕੇਂਦਰ ਖੋਲ੍ਹੇ ਜਾਣਗੇ ਅਤੇ 28 ਬੰਦ ਹੋਏ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ। ਨਾਲ ਹੀ 6 ਸੇਵਾ ਕੇਂਦਰਾਂ ਵਿੱਚ ਹੋਰ ਕਾਊਂਟਰ ਵੀ ਵਧਾਏ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਨਵੇਂ ਕੇਂਦਰਾਂ ਦੀ ਸਥਾਪਨਾ ‘ਤੇ ਲਗਭਗ 4.10 ਕਰੋੜ ਰੁਪਏ ਦੀ ਲਾਗਤ ਆਵੇਗੀ, ਜਦਕਿ ਬੰਦ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਲਈ 1.54 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਉਪਰਾਲਾ 500 ਤੋਂ ਵੱਧ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਈ-ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਨਾਗਰਿਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇਕ ਵੱਡਾ ਕਦਮ ਹੈ।

ਚੇਅਰਮੈਨ ਅਨੁਸਾਰ, ਸੇਵਾ ਕੇਂਦਰਾਂ ਦੀ ਸਹੂਲਤਾਂ ਵਿੱਚ ਵੀ ਨਵੀਨਤਾ ਲਿਆਈ ਜਾਵੇਗੀ – ਉੱਤਮ ਉਡੀਕ ਖੇਤਰ, ਵਧੀਆ ਬੈਠਕ ਸਹੂਲਤਾਂ, ਏਅਰ ਕੰਡੀਸ਼ਨਿੰਗ ਅਤੇ ਹੋਰ ਆਧੁਨਿਕ ਜ਼ਰੂਰਤਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਨਾਲ ਨਾ ਸਿਰਫ ਨਾਗਰਿਕਾਂ ਦੇ ਤਜਰਬੇ ਵਿੱਚ ਸੁਧਾਰ ਹੋਵੇਗਾ, ਬਲਕਿ ਕੇਂਦਰਾਂ ਦੀ ਪਹੁੰਚਯੋਗਤਾ ਵੀ ਵਧੇਗੀ ਅਤੇ ਭੀੜ ਭਾੜ ਵਾਲੇ ਕੇਂਦਰਾਂ ਉੱਤੇ ਦਬਾਅ ਵੀ ਘਟਾਇਆ ਜਾ ਸਕੇਗਾ।