ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਕਈ ਜ਼ਿਲ੍ਹਿਆਂ ਵਿੱਚ ਬਣੇ ਹੜ੍ਹ ਦੇ ਸੰਕਟਮਈ ਹਾਲਾਤਾਂ ਨੂੰ ਵੇਖਦਿਆਂ ਸੂਬੇ ਦੀ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਇੱਕ ਵਾਰ ਫਿਰ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਹੁਣ 7 ਸਤੰਬਰ (ਐਤਵਾਰ) ਤੱਕ ਬੰਦ ਰਹਿਣਗੇ ਅਤੇ 8 ਸਤੰਬਰ (ਸੋਮਵਾਰ) ਨੂੰ ਦੁਬਾਰਾ ਖੁੱਲਣਗੇ।
ਹਰਜੋਤ ਸਿੰਘ ਬੈਂਸ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਹੜ੍ਹ ਦੀ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ।
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ 27 ਤੋਂ 30 ਅਗਸਤ ਤੱਕ ਸਕੂਲਾਂ ਦੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ। 31 ਅਗਸਤ ਐਤਵਾਰ ਹੋਣ ਕਰਕੇ ਸਕੂਲ ਬੰਦ ਰਹੇ, ਜਿਸ ਤੋਂ ਬਾਅਦ ਛੁੱਟੀਆਂ ਨੂੰ 3 ਸਤੰਬਰ ਤੱਕ ਵਧਾਇਆ ਗਿਆ ਸੀ। ਹੁਣ, ਮੌਜੂਦਾ ਹਾਲਾਤਾਂ ਦੇ ਹੋਰ ਵੀ ਗੰਭੀਰ ਹੋਣ ਕਾਰਨ ਸਰਕਾਰ ਨੇ ਛੁੱਟੀਆਂ 7 ਸਤੰਬਰ ਤੱਕ ਲੰਬੀਆਂ ਕਰ ਦਿੱਤੀਆਂ ਹਨ।