ਪੰਜਾਬ ਵਿੱਚ ਰੈੱਡ ਅਲਰਟ ਜਾਰੀ, ਧੁੰਦ ਤੇ ਕੜਾਕੇ ਦੀ ਠੰਡ ਨੇ ਵਧਾਈ ਮੁਸ਼ਕਲ
ਜਲੰਧਰ – ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵੱਟ ਲਈ ਹੈ। ਮੌਸਮ ਵਿਭਾਗ ਵੱਲੋਂ ਅੱਜ ਪਹਿਲੀ ਵਾਰ ਸੰਘਣੀ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਧੁੰਦ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਵਿਭਾਗ ਮੁਤਾਬਕ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਹੋਰ ਕਮੀ ਆ ਸਕਦੀ ਹੈ। 7 ਜਨਵਰੀ ਤੱਕ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ।
ਜੇਕਰ ਧੁੰਦ ਅਤੇ ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਅਤੇ ਹਲਵਾਰਾ ਵਿੱਚ ਦ੍ਰਿਸ਼ਟਤਾ ਬਿਲਕੁਲ ਸਿਫ਼ਰ ਦਰਜ ਕੀਤੀ ਗਈ ਹੈ। ਇਸ ਕਾਰਨ ਚੰਡੀਗੜ੍ਹ ਏਅਰਪੋਰਟ ’ਤੇ ਲਗਭਗ 10 ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਜਦਕਿ ਅੰਮ੍ਰਿਤਸਰ ਏਅਰਪੋਰਟ ’ਤੇ ਵੀ ਫਲਾਈਟਾਂ ’ਤੇ ਅਸਰ ਪਿਆ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਤਾਪਮਾਨ ਦੀ ਗੱਲ ਕਰੀਏ ਤਾਂ ਫਰੀਦਕੋਟ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ ਹੈ, ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਭਰ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਔਸਤ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਮੌਸਮ ਸੁੱਕਾ ਰਹੇਗਾ ਪਰ ਠੰਡ ਵਿੱਚ ਹੋਰ ਵਾਧਾ ਹੋਵੇਗਾ।
ਤਾਜ਼ਾ ਅਪਡੇਟ ਅਨੁਸਾਰ 3 ਜਨਵਰੀ ਨੂੰ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਰੈੱਡ ਅਲਰਟ ਜਾਰੀ ਹੈ। ਇਸ ਤੋਂ ਇਲਾਵਾ 4, 5 ਅਤੇ 6 ਜਨਵਰੀ ਲਈ ਸੀਤ ਲਹਿਰ ਨੂੰ ਲੈ ਕੇ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 4 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਅਤੇ ਕੁਝ ਥਾਵਾਂ ’ਤੇ ਸੀਤ ਲਹਿਰ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 5, 6 ਅਤੇ 7 ਜਨਵਰੀ ਨੂੰ ਵੀ ਮੋਗਾ, ਬਠਿੰਡਾ, ਫ਼ਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਬਣੀ ਰਹੇਗੀ ਅਤੇ ਮੌਸਮ ਖੁਸ਼ਕ ਰਹੇਗਾ। ਇਸ ਸਮੇਂ ਪੰਜਾਬ ਪੂਰੀ ਤਰ੍ਹਾਂ ਧੁੰਦ ਦੀ ਸਫੈਦ ਚਾਦਰ ਵਿੱਚ ਢੱਕਿਆ ਹੋਇਆ ਹੈ, ਜਿਸ ਨਾਲ ਆਵਾਜਾਈ ਅਤੇ ਦਿਨਚਰਿਆ ’ਤੇ ਗਹਿਰਾ ਅਸਰ ਪੈ ਰਿਹਾ ਹੈ।






