ਪੰਜਾਬ ਦੇ ਵਾਹਨ ਚਾਲਕਾਂ ਲਈ ਇੱਕ ਅਹਿਮ ਸੂਚਨਾ ਸਾਹਮਣੇ ਆਈ ਹੈ। ਮਾਜਰੀ ਰੋਡ ’ਤੇ ਭਾਖੜਾ ਨਹਿਰ ਉੱਪਰ ਨਵੇਂ ਲੋਹੇ ਦੇ ਪੁਲ ਦਾ ਢਾਂਚਾ ਲਗਾਉਣ ਕਾਰਨ ਇਸ ਰੋਡ ’ਤੇ ਆਵਾਜਾਈ ਤਿੰਨ ਦਿਨਾਂ ਲਈ ਬੰਦ ਰਹੇਗੀ। ਪ੍ਰਸ਼ਾਸਨ ਵੱਲੋਂ ਇਸ ਦੌਰਾਨ ਟ੍ਰੈਫਿਕ ਲਈ ਬਦਲਵੇਂ ਰਸਤੇ ਵੀ ਤੈਅ ਕੀਤੇ ਗਏ ਹਨ।
ਪੀ.ਡਬਲਿਊ.ਡੀ. ਦੇ ਜੇ.ਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਰੂਪਨਗਰ-ਗੋਬਿੰਦ ਵੈਲੀ ਰੋਡ ’ਤੇ, ਗੋਬਿੰਦ ਵੈਲੀ ਦੇ ਨੇੜੇ ਭਾਖੜਾ ਨਹਿਰ ’ਤੇ ਲੱਗਣ ਵਾਲੇ ਪੁਲ ਦਾ ਢਾਂਚਾ ਤਿਆਰ ਹੈ, ਜਿਸਨੂੰ 5, 6 ਅਤੇ 7 ਅਪ੍ਰੈਲ ਨੂੰ ਨਹਿਰ ’ਤੇ ਸਥਾਪਿਤ ਕੀਤਾ ਜਾਵੇਗਾ। ਇਸ ਕਰਕੇ ਇਨ੍ਹਾਂ ਤਿੰਨ ਦਿਨਾਂ ਦੌਰਾਨ ਰੂਪਨਗਰ ਤੋਂ ਗੋਬਿੰਦ ਵੈਲੀ, ਮਾਜਰੀ, ਮਾਜਰੀ ਜੱਟਾਂ, ਅਕਬਰਪੁਰ, ਬਾਗਵਾਲੀ, ਸਨਾਣਾ ਅਤੇ ਫਤਿਹਪੁਰ ਵੱਲ ਜਾਣ ਵਾਲਾ ਰਸਤਾ ਬੰਦ ਰਹੇਗਾ।
ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਛੋਟੇ ਵਾਹਨਾਂ ਲਈ ਗਰੇਵਾਲ ਤੋਂ ਕੋਟਲਾ ਰਾਹੀਂ ਰੂਪਨਗਰ ਜਾਣ ਦਾ ਵਿਕਲਪ ਦਿੱਤਾ ਗਿਆ ਹੈ, ਜਦਕਿ ਵੱਡੇ ਵਾਹਨਾਂ ਲਈ ਪੁਰਖਾਲੀ ਤੋਂ ਰੰਗੀਲਪੁਰ ਰਾਹੀਂ ਰੂਪਨਗਰ ਜਾਣ ਦਾ ਬਦਲਵਾਂ ਰੂਟ ਤੈਅ ਕੀਤਾ ਗਿਆ ਹੈ।
ਵਿਭਾਗ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ, ਕਿਉਂਕਿ ਇਹ ਪੁਲ ਭਵਿੱਖ ਵਿੱਚ ਲੋਕਾਂ ਦੀ ਸੁਵਿਧਾ ਲਈ ਬਣਾਇਆ ਜਾ ਰਿਹਾ ਹੈ।






