ਪੰਜਾਬ : ਮੇਲੇ ਵਿਚ ਚੱਲ ਪਈਆਂ ਗੋਲੀਆਂ,SHO ਤੇ ASI ”ਤੇ ਹਥਿਆਰਾਂ ਨਾਲ ਹਮਲਾ

ਬਠਿੰਡਾ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਵੱਧ ਗਏ ਹਨ ਕਿ ਹੁਣ ਉਹ ਪੁਲਿਸ ’ਤੇ ਵੀ ਹਮਲੇ ਕਰਨ ਤੋਂ ਨਹੀਂ ਘਬਰਾਉਂਦੇ। ਨੰਦਗੜ੍ਹ ਥਾਣੇ ਦੇ ਐੱਸ.ਐੱਚ.ਓ ਰਵਿੰਦਰ ਸਿੰਘ ਅਤੇ ਏ.ਐੱਸ.ਆਈ ਗੁਰਮੇਲ ਸਿੰਘ ਉਸ ਵੇਲੇ ਜ਼ਖਮੀ ਹੋ ਗਏ ਜਦੋਂ ਉਹ ਪਿੰਡ ਰਾਏਕੇ ਕਲਾਂ ਦੇ ਦਾਤਾ ਹਰੀ ਸਿੰਘ ਮੇਲੇ ਵਿੱਚ ਹੋ ਰਹੀ ਲੜਾਈ ਨੂੰ ਰੋਕਣ ਗਏ ਸਨ।

ਪੁਲਿਸ ਅਧਿਕਾਰੀਆਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਲੋਕਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਬਾਜ਼ ਨਾ ਆਏ ਅਤੇ ਉਲਟੇ ਹਮਲਾ ਕਰ ਬੈਠੇ। ਕੁਝ ਮੁਲਜ਼ਮਾਂ ਨੇ ਐੱਸ.ਐੱਚ.ਓ ਰਵਿੰਦਰ ਸਿੰਘ ’ਤੇ ਕਿਰਪਾਨ ਨਾਲ ਵਾਰ ਕਰ ਦਿੱਤਾ ਜਦਕਿ ਏ.ਐੱਸ.ਆਈ ਗੁਰਮੇਲ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਪੁਲਿਸ ਦੀ ਗੱਡੀ ’ਤੇ ਵੀ ਪਥਰਾਅ ਕੀਤਾ ਗਿਆ।

ਸਥਿਤੀ ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਹਵਾਈ ਫਾਇਰਿੰਗ ਕਰਨੀ ਪਈ। ਜ਼ਖਮੀ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਐੱਸ.ਐੱਚ.ਓ ਰਵਿੰਦਰ ਸਿੰਘ ਦੀ ਬਾਂਹ ਦਾ ਆਪਰੇਸ਼ਨ ਵੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ 35 ਲੋਕਾਂ ਖਿਲਾਫ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।