ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਕुखਿਆਤ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਗ੍ਰਿਫ਼ਤਾਰੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਇੱਕ ਗੰਭੀਰ ਕੇਸ ਨਾਲ ਸਬੰਧਤ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸ਼ਮਸ਼ੇਰ ਸਿੰਘ ਪੁੱਤਰ ਗੁਰਬਕਸ਼ ਸਿੰਘ ਅਤੇ ਉਸ ਦੀ ਪਤਨੀ ਪ੍ਰੀਤਪਾਲ ਕੌਰ ਵਜੋਂ ਹੋਈ ਹੈ। ਦੋਵੇਂ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਵਿੱਚ ਦਰਜ ਇੱਕ ਪੁਰਾਣੀ FIR ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਤੋਂ ਕੀਤੀ ਗਈ ਹੈ ਅਤੇ ਅੱਜ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ SSP ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।
ਫ਼ੋਨ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸਤਨਾਮ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਪਿਛਲੇ 33 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਿਹਾ ਹੈ। 27 ਨਵੰਬਰ 2024 ਨੂੰ ਸਵੇਰੇ ਜਦੋਂ ਉਹ ਸਕੂਲ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ, ਤਦ ਸਵੇਰੇ ਲਗਭਗ 10:30 ਤੋਂ 11 ਵਜੇ ਦੇ ਦਰਮਿਆਨ ਉਸਨੂੰ ਵਟਸਐਪ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਪ੍ਰਾਪਤ ਹੋਈ।
ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਅਤੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਨਾਲ ਹੀ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਸ਼ਿਕਾਇਤਕਰਤਾ ਅਨੁਸਾਰ, ਦੋਸ਼ੀ ਨੇ ਕਾਲ ਨੂੰ ਹਲਕੇ ਵਿੱਚ ਨਾ ਲੈਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਸਨੂੰ ਉਸਦੇ ਘਰ ਅਤੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਹੈ। ਉਸੇ ਦਿਨ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਕਾਲਾਂ ਆਈਆਂ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਹੋ ਗਿਆ।
ਇਸ ਤੋਂ ਕਰੀਬ ਛੇ ਦਿਨ ਬਾਅਦ, 3 ਦਸੰਬਰ ਨੂੰ ਮੁੜ ਇੱਕ ਕਾਲ ਆਈ, ਪਰ ਡਰ ਦੇ ਕਾਰਨ ਉਸਨੇ ਫ਼ੋਨ ਨਹੀਂ ਚੱਕਿਆ। ਪੂਰਾ ਦਿਨ ਉਹ ਡਰ ਅਤੇ ਤਣਾਅ ਵਿੱਚ ਰਿਹਾ। ਆਖ਼ਿਰਕਾਰ ਪਰਿਵਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਸਨੇ ਥਾਣਾ ਸਦਰ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪਹੁੰਚ ਕੇ ਅਣਪਛਾਤੇ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੇ ਦਰਜ ਕੀਤਾ ਕੇਸ
ਮੁਕਤਸਰ ਸਾਹਿਬ ਪੁਲਿਸ ਮੁਤਾਬਕ, ਜਦੋਂ ਇਸ ਮਾਮਲੇ ਵਿੱਚ FIR ਦਰਜ ਕੀਤੀ ਗਈ, ਉਸ ਸਮੇਂ ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਇਕੱਠੇ ਸਰਗਰਮ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੋਲਡੀ ਬਰਾੜ ਦੇ ਪਰਿਵਾਰਕ ਮੈਂਬਰਾਂ ਕੋਲ ਆਮਦਨ ਦਾ ਕੋਈ ਕਾਨੂੰਨੀ ਸਰੋਤ ਨਹੀਂ ਸੀ ਅਤੇ ਉਹ ਕਥਿਤ ਤੌਰ ‘ਤੇ ਫਿਰੌਤੀ ਦੀ ਰਕਮ ‘ਤੇ ਹੀ ਆਪਣਾ ਗੁਜ਼ਾਰਾ ਕਰ ਰਹੇ ਸਨ।
ਦੱਸਣਯੋਗ ਹੈ ਕਿ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ ਅਤੇ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਆਪਣਾ ਅਪਰਾਧਿਕ ਨੈਟਵਰਕ ਚਲਾ ਰਿਹਾ ਹੈ।





