ਪੰਜਾਬ ਦੇ 9 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ, ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ ਵਿੱਚ ਠੰਡ ਹੌਲੀ-ਹੌਲੀ ਆਪਣਾ ਅਸਰ ਦਿਖਾਉਣ ਲੱਗੀ ਹੈ। ਬੀਤੇ ਦਿਨ ਹੋਈ ਭਾਰੀ ਬਾਰਿਸ਼ ਅਤੇ ਕਈ ਇਲਾਕਿਆਂ ਵਿੱਚ ਪਈ ਗੜੇਮਾਰੀ ਨੇ ਮੌਸਮ ਨੂੰ ਹੋਰ ਵੀ ਠੰਡਾ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਵੈਸਟਰਨ ਡਿਸਟਰਬੈਂਸ ਸਰਗਰਮ ਹੈ, ਜਿਸ ਕਰਕੇ ਇਹ ਮੌਸਮੀ ਤਬਦੀਲੀ ਆਈ ਹੈ। ਵਿਭਾਗ ਨੇ ਅੱਜ ਸੂਬੇ ਦੇ 9 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ — ਵਿੱਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਇਸ ਨਾਲ ਨਾਲ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਵਿਭਾਗ ਨੇ 4 ਤੋਂ 6 ਨਵੰਬਰ ਤੱਕ ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁਝ ਹੋਰ ਸੂਬਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਦੱਸੀ ਹੈ। ਇਸ ਮੀਂਹ ਨਾਲ ਹਵਾ ਪ੍ਰਦੂਸ਼ਣ ਵਿੱਚ ਕੁਝ ਕਮੀ ਆ ਸਕਦੀ ਹੈ ਅਤੇ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਹੋਣ ਦੀ ਉਮੀਦ ਹੈ।

ਉੱਧਰ, ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਪੰਜਾਬ ਵਿੱਚ ਵੀ ਠੰਡ ਦਾ ਅਸਰ ਵੱਧ ਗਿਆ ਹੈ। ਸਵੇਰੇ ਤੇ ਸ਼ਾਮ ਦੇ ਸਮੇਂ ਠੰਡੀ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਪੇਂਡੂ ਇਲਾਕਿਆਂ ਵਿੱਚ ਠੰਡ ਹੋਰ ਮਹਿਸੂਸ ਹੋ ਰਹੀ ਹੈ। ਲੋਕ ਹੁਣ ਸਵੇਰੇ ਤੇ ਸ਼ਾਮ ਨੂੰ ਹਲਕੇ ਗਰਮ ਕੱਪੜੇ ਪਹਿਨਣ ਲੱਗ ਪਏ ਹਨ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਰਾਤ ਤੇ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਹੋ ਸਕਦੀ ਹੈ, ਜਿਸ ਨਾਲ ਅਗਲੇ ਹਫ਼ਤੇ ਤੱਕ ਠੰਡ ਪੂਰੀ ਤਰ੍ਹਾਂ ਜ਼ੋਰ ਫੜ੍ਹ ਸਕਦੀ ਹੈ।