ਪੰਜਾਬ ਦੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ, ਇਸ ਕਾਰਨ ਲੱਗੀ ਪਾਬੰਦੀ; ਨਾ ਮੰਨਣ ‘ਤੇ…

ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਧ ਰਹੀਆਂ ਟ੍ਰੈਫਿਕ ਸਮੱਸਿਆਵਾਂ ਅਤੇ ਰੋਜ਼ਾਨਾ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਹੋਰ ਧਾਰਮਿਕ ਥਾਵਾਂ ਵੱਲ ਜਾਣ ਵਾਲੇ ਰਾਹਾਂ ‘ਤੇ ਸ਼ਰਧਾਲੂਆਂ ਨੂੰ ਰੋਜ਼ਾਨਾ ਜਾਮ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੁੱਖ ਸੜਕਾਂ ਅਤੇ ਫੁੱਟਪਾਥਾਂ ‘ਤੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਕਈ ਵਪਾਰੀ ਫੁੱਟਪਾਥਾਂ ‘ਤੇ ਆਪਣੀਆਂ ਦੁਕਾਨਾਂ ਸਜਾ ਲੈਂਦੇ ਹਨ, ਜਦਕਿ ਕਈ ਗੈਰਕਾਨੂੰਨੀ ਫੇਰੀ ਵਾਲੇ ਵੀ ਇਥੇ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੁਲਿਸ ਵੱਲੋਂ ਸਾਂਝਾ ਮੋਹਿੰਮ ਚਲਾਈ ਜਾ ਰਹੀ ਹੈ।

ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਹਾਲ ਗੇਟ ਤੋਂ ਭਰਵਾਂ ਦਾ ਢਾਬਾ ਤੱਕ ਨਿਗਰਾਨੀ ਕਰ ਰਹੇ ਹਨ, ਜਦਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਭਰਵਾਂ ਦਾ ਢਾਬਾ ਤੋਂ ਲੈ ਕੇ ਹੈਰੀਟੇਜ ਸਟਰੀਟ ਤੱਕ ਦੀ ਨਿਗਰਾਨੀ ਕਰ ਰਹੀਆਂ ਹਨ। ਇਨ੍ਹਾਂ ਸੜਕਾਂ ਦੀ ਸਫਾਈ ਅਤੇ ਅਣਧੁਰੀਆਂ ਕਬਜ਼ਿਆਂ ਨੂੰ ਹਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਵਿਅਕਤੀ ਕਬਜ਼ਾ ਕਰ ਰਹੇ ਹਨ ਜਾਂ ਗੰਦਗੀ ਫੈਲਾ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ। ਟ੍ਰੈਫਿਕ ਪੁਲਿਸ ਨੇ ਵੀ ਕਈ ਦੁਕਾਨਾਂ ਦੇ ਬਾਹਰ ਨੋਟਿਸ ਲਗਾਏ ਹਨ, ਜਿਨ੍ਹਾਂ ‘ਚ ਸਾਫ਼ ਉਲਲੇਖ ਹੈ ਕਿ ਫੁੱਟਪਾਥਾਂ ‘ਤੇ ਕੋਈ ਵੀ ਸਮਾਨ ਨਹੀਂ ਰੱਖਿਆ ਜਾਵੇ। ਜੇਕਰ ਕੋਈ ਵਿਅਕਤੀ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਦੋਕਾਨਦਾਰਾਂ ਨੂੰ ਆਪਣੀ ਸੀਮਾ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਤੋਰ ‘ਤੇ ਸਖ਼ਤ ਕਾਰਵਾਈ ਹੋਵੇਗੀ।