ਪੰਜਾਬ ਦੇ ਇਹ ਜ਼ਿਲ੍ਹਿਆਂ ਵਾਲੇ 12, 13 ਤੇ 14 ਦਸੰਬਰ ਨੂੰ ਰਹੋ ਸਾਵਧਾਨ

ਚੰਡੀਗੜ੍ਹ : ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਪੰਜਾਬ ਦੇ 9 ਜ਼ਿਲ੍ਹਿਆਂ ਲਈ ਤਿੰਨ ਦਿਨਾਂ ਦਾ ਸੰਘਣੇ ਕੋਹਰੇ ਦਾ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਲਈ ਜਾਰੀ ਕੀਤਾ ਗਿਆ ਹੈ। ਤਾਜ਼ਾ ਮੌਸਮੀ ਅਪਡੇਟ ਮੁਤਾਬਕ ਫਰੀਦਕੋਟ ਪੰਜਾਬ ਵਿੱਚ ਅਤੇ ਨਾਰਨੌਲ ਹਰਿਆਣਾ ਵਿੱਚ ਸਭ ਤੋਂ ਠੰਡੇ ਰਹੇ ਹਨ, ਜਿੱਥੇ ਤਾਪਮਾਨ ਕ੍ਰਮਵਾਰ 4.5 ਅਤੇ 5.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਠੰਡ ਹੋਰ ਵਧੇਗੀ ਅਤੇ ਧੁੰਦ ਵੀ ਘਣੀ ਹੋਵੇਗੀ। ਸੰਘਣੀ ਧੁੰਦ ਨੂੰ ਦੇਖਦਿਆਂ ਵਾਹਨ ਚਾਲਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। 12, 13 ਅਤੇ 14 ਦਸੰਬਰ ਨੂੰ ਦੋਵਾਂ ਰਾਜਾਂ ਵਿੱਚ ਕਈ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਸ ਵਾਰ ਮੀਂਹ ਨਾ ਪੈਣ ਕਾਰਨ ਖੁਸ਼ਕ ਠੰਡ ਪੈ ਰਹੀ ਹੈ, ਜਿਸ ਨਾਲ ਬਿਮਾਰੀਆਂ ਵਧ ਰਹੀਆਂ ਹਨ। ਆਉਂਦੇ ਪੂਰੇ ਹਫ਼ਤੇ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ।