ਪੰਜਾਬ ਦੇ ਇਸ ”ਬਦਨਾਮ” ਪਿੰਡ ਨੂੰ ਪੈ ਗਿਆ ਘੇਰਾ! ਹਰ ਪਾਸੇ ਪੁਲਸ ਹੀ ਪੁਲਸ

ਲੁਧਿਆਣਾ ਦੇ ਨਸ਼ਿਆਂ ਲਈ ਬਦਨਾਮ ਪਿੰਡ ਤਲਵੰਡੀ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਦੀ ਅਗਵਾਈ ਹੇਠ ਥਾਣਾ ਲਾਡੋਵਾਲ ਦੇ ਹੇਠਾਂ ਆਉਂਦੇ ਤਲਵੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ।

ਇਸ ਮੁਹਿੰਮ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਡੀ.ਸੀ.ਪੀ. ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ। ਕੁੱਲ 300 ਤੋਂ ਵੱਧ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਪਿੰਡ ਦੇ ਸਰਪੰਚ ਦੀ ਹਾਜ਼ਰੀ ਵਿੱਚ ਕਈ ਘਰਾਂ ‘ਚ ਛਾਪੇ ਮਾਰੇ ਗਏ। ਜਾਣਕਾਰੀ ਮੁਤਾਬਕ, ਤਲਵੰਡੀ ਪਿੰਡ ਵਿੱਚ 26 ਨਸ਼ਾ ਸਪਲਾਇਰ ਚਿੰਨ੍ਹੇ ਗਏ ਹਨ, ਜਿਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 14 ਤਸਕਰਾਂ ਦੇ ਘਰਾਂ ‘ਤੇ ਜੇ.ਸੀ.ਬੀ. ਚਲਾਈ ਜਾ ਚੁੱਕੀ ਹੈ।

ਅੱਜ ਦੀ ਕਾਰਵਾਈ ਦੌਰਾਨ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ ਹੋਏ ਹਨ ਜਿਨ੍ਹਾਂ ਕੋਲੋਂ ਚਿੱਟਾ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਿੱਚ 26 ਮੁੱਖ ਤਸਕਰ ਸਰਗਰਮ ਹਨ ਅਤੇ ਹੁਣ ਬਾਕੀਆਂ ‘ਤੇ ਪੁਲਿਸ ਦੀ ਨਜ਼ਰ ਹੈ।

ਡੀ.ਜੀ.ਪੀ. ਨੇ ਹੋਰ ਦੱਸਿਆ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਰਾਜ ਭਰ ਵਿੱਚ 570 ਮਾਮਲੇ ਦਰਜ ਹੋਏ ਹਨ ਅਤੇ 700 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਇਸ ਦੌਰਾਨ 3.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ ਜਾਂ ਜ਼ਬਤੀ ਲਈ ਦਸਤਾਵੇਜ਼ ਦਿੱਲੀ ਭੇਜੇ ਗਏ ਹਨ। ਉਨ੍ਹਾਂ ਅਖੀਰ ‘ਚ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕਰੀਬ 7 ਲੱਖ ਲੋਕ ਨਸ਼ੇ ਦੀ ਲਤ ਵਿਚ ਫਸੇ ਹੋਏ ਹਨ। ਸਪੈਸ਼ਲ ਟਾਸਕ ਫੋਰਸ ਨੇ ਇਹਨਾਂ ਦੀ ਪਛਾਣ ਕਰਕੇ ਇਕ ਸੂਚੀ ਤਿਆਰ ਕੀਤੀ ਹੈ ਜੋ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ।