ਪੰਜਾਬ ਤੋਂ ਮਾਂ ਵੈਸ਼ਨੋ ਦੇਵੀ ਜਾਣ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਸਿੱਧੀ ਰੇਲ ਗੱਡੀ ਸ਼ੁਰੂ

ਪੰਜਾਬ ਦੇ ਉਹ ਸ਼ਰਧਾਲੂ ਜੋ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੁਰੂ ਤੋਂ ਡਿਜੀਟਲ ਮਾਧਿਅਮ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ, ਜੋ ਪੰਜਾਬ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਤੱਕ ਚੱਲੇਗੀ। ਇਹ ਟ੍ਰੇਨ 11 ਅਗਸਤ ਤੋਂ ਆਮ ਯਾਤਰੀਆਂ ਲਈ ਸ਼ੁਰੂ ਹੋ ਜਾਵੇਗੀ ਅਤੇ ਅੰਮ੍ਰਿਤਸਰ ਤੋਂ ਕਟੜਾ ਤੱਕ ਦਾ ਸਫ਼ਰ ਕੇਵਲ 5 ਘੰਟੇ 35 ਮਿੰਟ ਵਿੱਚ ਪੂਰਾ ਕਰੇਗੀ।

ਡੀ.ਆਰ.ਐੱਮ. ਦਫ਼ਤਰ ਫਿਰੋਜ਼ਪੁਰ ਦੇ ਰੇਲਵੇ ਅਧਿਕਾਰੀਆਂ ਅਨੁਸਾਰ, ਇਸ ਟ੍ਰੇਨ ਨਾਲ ਕਰਨਾਟਕ, ਮਹਾਰਾਸ਼ਟਰ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟੇ ਅਤੇ ਆਰਥਿਕ ਗਤੀਵਿਧੀਆਂ ਨੂੰ ਵਾਧਾ ਮਿਲੇਗਾ। ਇਸ ਨਾਲ ਪੰਜਾਬ ਵਿੱਚ ਹੁਣ ਕੁੱਲ 5 ਵੰਦੇ ਭਾਰਤ ਟ੍ਰੇਨਾਂ (10 ਸੇਵਾਵਾਂ) ਹੋਣਗੀਆਂ। ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ–ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਦੇ ਸਟਾਪਾਂ ਵਿੱਚ ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਸਿਟੀ ਅਤੇ ਬਿਆਸ ਸ਼ਾਮਲ ਹਨ। ਇਹ ਸੈਮੀ-ਹਾਈ ਸਪੀਡ ਟ੍ਰੇਨ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਕਵਚ ਸੁਰੱਖਿਆ ਪ੍ਰਣਾਲੀ ਨਾਲ ਲੈਸ ਹੈ।

ਇਸ ਵਿੱਚ ਯਾਤਰੀਆਂ ਲਈ ਫੋਲਡੇਬਲ ਸਨੈਕ ਟੇਬਲ, ਮੋਬਾਇਲ ਚਾਰਜਿੰਗ ਪੋਰਟ, ਆਰਾਮਦਾਇਕ ਸੀਟਾਂ, ਆਧੁਨਿਕ ਟਾਇਲਟ, ਇਨਫੋਟੇਨਮੈਂਟ ਸਿਸਟਮ ਅਤੇ ਹਰ ਕੋਚ ਵਿੱਚ ਜੀ.ਪੀ.ਐੱਸ. ਆਧਾਰਿਤ ਰੀਅਲ-ਟਾਈਮ ਟ੍ਰੈਕਿੰਗ ਸਿਸਟਮ ਦੀ ਸਹੂਲਤ ਹੈ, ਤਾਂ ਜੋ ਯਾਤਰੀਆਂ ਨੂੰ ਹਰ ਵੇਲੇ ਸਟੇਸ਼ਨ, ਰਫ਼ਤਾਰ ਅਤੇ ਸਥਾਨ ਬਾਰੇ ਜਾਣਕਾਰੀ ਮਿਲਦੀ ਰਹੇ।