ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਸੂਬੇ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਭਵਿੱਖਬਾਣੀ ਕਰਦਿਆਂ 9 ਜੁਲਾਈ ਤਕ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਭਰ ਵਿਚ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲੇਗਾ। ਸਭ ਤੋਂ ਵੱਧ ਬਾਰਿਸ਼ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਿਆਂ ਵਿਚ ਹੋਵੇਗੀ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਐੱਸ. ਬੀ. ਐੱਸ. ਨਗਰ, ਪਟਿਆਲਾ ਤੇ ਐੱਸ. ਏ. ਐੱਸ. ਨਗਰ ਵਿਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਕੱਲ੍ਹ ਯਾਨੀ 5 ਜੁਲਾਈ ਨੂੰ ਵੀ ਸੂਬੇ ਭਰ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਲਈ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿਚ ਤੇਜ਼ ਮੀਂਹ ਨਾਲ ਹਨੇਰੀ-ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 6 ਤੇ 7 ਜੁਲਾਈ ਨੂੰ ਸੂਬੇ ਵਿਚ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਕਈ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ 9 ਜੁਲਾਈ ਤਕ ਸੂਬੇ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਲਈ ਅਲਰਟ ਵੀ ਜਾਰੀ ਕੀਤੇ ਗਏ ਹਨ।