ਪੰਜਾਬ ਵਿੱਚ ਸਰਦੀਆਂ ਨੇ ਆਪਣਾ ਜ਼ੋਰ ਪੂਰੀ ਤਰ੍ਹਾਂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਖੇਤਰਾਂ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਇਸ ਸਬੰਧੀ ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਲਈ ਜ਼ਿਲ੍ਹਾ-ਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜੋ 5 ਜਨਵਰੀ ਤੋਂ 8 ਜਨਵਰੀ ਤੱਕ ਲਾਗੂ ਰਹੇਗੀ।
ਮੌਸਮ ਵਿਭਾਗ ਦੇ ਅਨੁਸਾਰ 5 ਅਤੇ 6 ਜਨਵਰੀ ਨੂੰ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। 7 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਵਿੱਚ ਧੁੰਦ ਦੀ ਤੀਬਰਤਾ ਹਲਕੀ ਘਟ ਸਕਦੀ ਹੈ, ਪਰ ਹਾਲਾਤ ਫਿਰ ਵੀ ਸਾਵਧਾਨੀ ਦੀ ਮੰਗ ਕਰਨਗੇ। 8 ਜਨਵਰੀ ਤੱਕ ਸੂਬੇ ਦੇ ਵੱਡੇ ਹਿੱਸੇ ਵਿੱਚ ਸੰਘਣੀ ਧੁੰਦ, ਤੇਜ਼ ਹਵਾਵਾਂ ਅਤੇ ਸੀਤ ਲਹਿਰ ਦੇ ਨਾਲ ਕੜੀ ਠੰਡ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੌਸਮ ਸੰਬੰਧੀ ਤਾਜ਼ਾ ਅਪਡੇਟ ਲੈਂਦੇ ਰਹਿਣ ਅਤੇ ਪਹਿਲਾਂ ਤੋਂ ਹੀ ਲੋੜੀਂਦੀਆਂ ਤਿਆਰੀਆਂ ਕਰਕੇ ਰੱਖਣ।





