ਜਲੰਧਰ- ਮੌਸਮ ਵਿਭਾਗ ਵੱਲੋਂ 17 ਜੁਲਾਈ 2025 ਨੂੰ ਜਾਰੀ ਕੀਤੀ ਤਾਜ਼ਾ ਚੇਤਾਵਨੀ ਮੁਤਾਬਕ, ਪੰਜਾਬ ਦੇ ਕਈ ਹਿੱਸਿਆਂ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਕੁਝ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।ਚੇਤਾਵਨੀ ਅਨੁਸਾਰ 17 ਜੁਲਾਈ ਨੂੰ ਬਠਿੰਡਾ, ਮਾਨਸਾ, ਰੂਪਨਗਰ, ਗੁਰਦਾਸਪੁਰ ਅਤੇ ਹੋਸ਼ਿਆਰਪੁਰ ‘ਚ ਭਾਰੀ ਵਰਖਾ ਹੋ ਸਕਦੀ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। 18 ਜੁਲਾਈ ਤੋਂ 20 ਜੁਲਾਈ ਤੱਕ ਪੰਜਾਬ ਭਰ ਵਿੱਚ ਮੌਸਮ ਸਧਾਰਣ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਪਰ 21 ਜੁਲਾਈ ਨੂੰ ਫਿਰ ਕਈ ਜ਼ਿਲ੍ਹਿਆਂ ਜਿਵੇਂ ਰੂਪਨਗਰ, ਐੱਸ.ਏ.ਐੱਸ ਨਗਰ (ਮੋਹਾਲੀ), ਨਵਾਂਸ਼ਹਿਰ, ਲੁਧਿਆਣਾ, ਪਟਿਆਲਾ, ਮਾਨਸਾ, ਫਤਿਹਗੜ੍ਹ ਸਾਹਿਬ, ਮੋਗਾ, ਗੁਰਦਾਸਪੁਰ ਅਤੇ ਹੋਸ਼ਿਆਰਪੁਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਵੀ ਪੀਲੀ ਚੇਤਾਵਨੀ ਵਿੱਚ ਰੱਖਿਆ ਗਿਆ ਹੈ।
