ਜਲੰਧਰ—ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਠੰਡ ਅਤੇ ਧੁੰਦ ਦਾ ਪ੍ਰਭਾਵ ਬਣਿਆ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾਵਾਰ ਚੇਤਾਵਨੀ ਅਨੁਸਾਰ 31 ਦਸੰਬਰ 2025 ਤੋਂ 3 ਜਨਵਰੀ 2026 ਤੱਕ ਸੂਬੇ ਦੇ ਕਈ ਇਲਾਕਿਆਂ ਵਿੱਚ ਘਣੀ ਤੋਂ ਬਹੁਤ ਘਣੀ ਧੁੰਦ ਛਾਈ ਰਹਿ ਸਕਦੀ ਹੈ। ਇਸ ਦੇ ਨਾਲ ਕੁਝ ਜ਼ਿਲ੍ਹਿਆਂ ਵਿੱਚ ਸੀਤ ਲਹਿਰ (ਕੋਲਡ ਵੇਵ) ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ 31 ਦਸੰਬਰ ਨੂੰ ਪੱਛਮੀ ਅਤੇ ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਚੇਤਾਵਨੀ ਦਾ ਪੱਧਰ ਹਲਕਾ ਹੋ ਸਕਦਾ ਹੈ, ਪਰ ਮਾਝਾ ਅਤੇ ਦੋਆਬਾ ਖੇਤਰ ਦੇ ਕਈ ਇਲਾਕਿਆਂ ਵਿੱਚ ਧੁੰਦ ਦਾ ਦੌਰ ਜਾਰੀ ਰਹੇਗਾ। ਕੁਝ ਥਾਵਾਂ ’ਤੇ ਤੀਖੀ ਠੰਡ ਦਾ ਅਸਰ ਵੀ ਵੇਖਣ ਨੂੰ ਮਿਲ ਸਕਦਾ ਹੈ।
1 ਅਤੇ 2 ਜਨਵਰੀ 2026 ਨੂੰ ਕੇਂਦਰੀ ਅਤੇ ਉੱਤਰੀ ਪੰਜਾਬ ਵਿੱਚ ਧੁੰਦ ਅਤੇ ਕੋਲਡ ਵੇਵ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਬਿਜਲੀ ਚਮਕਣ ਅਤੇ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਨੇ 3 ਜਨਵਰੀ ਤੱਕ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖ਼ਾਸ ਤੌਰ ’ਤੇ ਸਵੇਰੇ ਅਤੇ ਰਾਤ ਸਮੇਂ ਡਰਾਈਵਿੰਗ ਕਰਦੇ ਹੋਏ ਵਧੇਰੇ ਸਾਵਧਾਨੀ ਵਰਤਣ, ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਠੰਡ ਤੋਂ ਸੁਰੱਖਿਆ ਲਈ ਗਰਮ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ‘ਬੀ ਅਪਡੇਟਡ’ ਅਤੇ ‘ਬੀ ਪ੍ਰੀਪੇਅਰਡ’ ਸ਼੍ਰੇਣੀ ਹੇਠ ਜਾਰੀ ਕੀਤੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਵੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।





