ਮੋਗਾ-ਬਰਨਾਲਾ ਕੌਮੀ ਸ਼ਾਹ ਮਾਰਗ ‘ਤੇ ਅੱਜ ਦੁਪਹਿਰ ਕਰੀਬ 3:40 ਵਜੇ ਇੱਕ ਹਿੰਸਕ ਘਟਨਾ ਵਾਪਰੀ। ਮੋਗਾ ਤੋਂ ਸੰਗਰੂਰ ਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ (ਨੰਬਰ 13ਵੀ ਆਈ 1171) ਜਿਵੇਂ ਹੀ ਬੱਸ ਅੱਡੇ ‘ਤੇ ਪਹੁੰਚੀ, ਸਕਾਰਪੀਓ ਗੱਡੀ ਵਿੱਚ ਆਏ ਕੁਝ ਬਦਮਾਸ਼ਾਂ ਨੇ ਸਵਾਰੀ ਬਣਨ ਦਾ ਨਾਟਕ ਕਰਦੇ ਹੋਏ ਡਰਾਈਵਰ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਡਰਾਈਵਰ ਕੋਲੋਂ ਕੈਸ਼ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੀ.ਬੀ. 19 ਐੱਮ 2351 ਨੰਬਰ ਵਾਲੀ ਹੋਰ ਪੀ.ਆਰ.ਟੀ.ਸੀ. ਬੱਸ ਵੀ ਉੱਥੇ ਆ ਰੁਕੀ।
ਇਸ ਘਟਨਾ ਕਾਰਨ ਕੌਮੀ ਸ਼ਾਹ ਮਾਰਗ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਗਿਆ ਕਿ ਲਗਭਗ ਇੱਕ ਘੰਟਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਬੱਸ ਵਿੱਚ ਸਵਾਰ ਯਾਤਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਅਸਫਲ ਰਹੀ ਹੈ। ਬੱਸ ਵਿੱਚ ਸਵਾਰ ਔਰਤਾਂ ਕਸ਼ਮੀਰ ਕੌਰ ਅਤੇ ਰਣਜੀਤ ਕੌਰ ਨੇ ਦੱਸਿਆ ਕਿ ਕੰਡਕਟਰ ਸੁਰਜੀਤ ਸਿੰਘ ਨਾਲ ਵੀ ਬੇਹੱਦ ਬਦਸਲੂਕੀ ਕੀਤੀ ਗਈ ਅਤੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਵਿੱਚ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਬਣਦਾ ਜਾ ਰਿਹਾ ਹੈ।






