ਲੁਧਿਆਣਾ: ਐਕਸਾਈਜ਼ ਵਿਭਾਗ ਲੁਧਿਆਣਾ ਵੱਲੋਂ ਸ਼ੁੱਕਰਵਾਰ ਨੂੰ ਮਿੰਨੀ ਸਕੱਤਰੇਤ ਵਿੱਚ ਇਕ ਅਹਿਮ ਮੀਟਿੰਗ ਕਰਵਾਈ ਗਈ। ਇਸ ਬੈਠਕ ਦੀ ਅਗਵਾਈ ਵੈਸਟ ਰੇਂਜ ਦੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਇੰਦਰਜੀਤ ਸਿੰਘ ਨਾਗਪਾਲ ਅਤੇ ਈਸਟ ਰੇਂਜ ਦੀ ਅਸਿਸਟੈਂਟ ਕਮਿਸ਼ਨਰ ਸ਼ਿਵਾਨੀ ਗੁਪਤਾ ਨੇ ਕੀਤੀ। ਮੀਟਿੰਗ ਵਿੱਚ ਸ਼ਹਿਰ ਦੇ ਸਾਰੇ ਮੈਰਿਜ ਪੈਲੇਸਾਂ ਅਤੇ ਬੀਅਰ ਬਾਰਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੂੰ ਸੱਦਾ ਦਿੱਤਾ ਗਿਆ ਸੀ।
ਅਧਿਕਾਰੀਆਂ ਨੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹੁਣ ਕਿਸੇ ਵੀ ਵਿਆਹ ਜਾਂ ਹੋਰ ਸਮਾਰੋਹ ਲਈ ਮੈਰਿਜ ਪੈਲੇਸ ਜਾਂ ਬੀਅਰ ਬਾਰ ਗਾਹਕਾਂ ਦੀ ਥਾਂ ਸ਼ਰਾਬ ਨਹੀਂ ਖਰੀਦ ਸਕਣਗੇ। ਗਾਹਕਾਂ ਨੂੰ ਸ਼ਰਾਬ ਸਿਰਫ਼ ਅਧਿਕਾਰਤ ਠੇਕਿਆਂ ਤੋਂ ਹੀ ਨਿਯਮਾਂ ਅਨੁਸਾਰ ਖੁਦ ਖਰੀਦਣੀ ਪਵੇਗੀ।
ਇਸ ਤੋਂ ਇਲਾਵਾ, ਸਾਰੇ ਅਦਾਰਿਆਂ ਨੂੰ ਵਿਭਾਗੀ ਨਿਯਮਾਂ ਅਤੇ ਕਾਨੂੰਨੀ ਸ਼ਰਤਾਂ ਦੀ ਕੜੀ ਪਾਲਣਾ ਕਰਨ ਲਈ ਕਿਹਾ ਗਿਆ। ਇਸ ਵਿੱਚ ਢੰਗ ਨਾਲ ਰਿਕਾਰਡ ਸੰਭਾਲਣਾ, ਲੋੜੀਂਦੀ ਵੈਰੀਫਿਕੇਸ਼ਨ ਕਰਵਾਉਣਾ ਅਤੇ ਸ਼ਰਾਬ ਦੀ ਸੁਰੱਖਿਅਤ ਵਰਤੋਂ, ਸਰਵਿਸ ਅਤੇ ਸਟੋਰੇਜ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਬੈਠਕ ਵਿੱਚ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੰਤ ਸਮੇਤ ਕਈ ਮੈਰਿਜ ਪੈਲੇਸ ਅਤੇ ਬੀਅਰ ਬਾਰਾਂ ਦੇ ਮਾਲਕ ਹਾਜ਼ਰ ਰਹੇ।






