ਚੰਡੀਗੜ੍ਹ : ਪੰਜਾਬ ਵਿੱਚ ਕੜਾਕੇ ਦੀ ਸਰਦੀ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਲਗਾਤਾਰ ਚੱਲ ਰਹੀ ਸੀਤ ਲਹਿਰ ਹੁਣ ਹੋਰ ਵੀ ਤੀਬਰ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਤੋਂ 11 ਦਸੰਬਰ ਤੱਕ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ ਜਾਰੀ ਕੀਤੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਠੰਡ ਵਿੱਚ ਹੋਰ ਵਾਧਾ ਹੋਵੇਗਾ ਅਤੇ ਗਾੜ੍ਹੀ ਧੁੰਦ ਵੀ ਪੈ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 11 ਦਸੰਬਰ ਤੱਕ ਸੂਬੇ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਪਾਰਾ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਜਦਕਿ ਬਾਕੀ ਇਲਾਕਿਆਂ ਵਿੱਚ ਇਹ 22 ਤੋਂ 24 ਡਿਗਰੀ ਤੱਕ ਰਹਿ ਸਕਦਾ ਹੈ। ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 0.6 ਡਿਗਰੀ ਸੈਲਸੀਅਸ ਘਟਿਆ ਹੈ, ਜੋ ਆਮ ਨਾਲੋਂ 1.6 ਡਿਗਰੀ ਘੱਟ ਹੈ।
ਅਗਲੇ ਦਿਨਾਂ ਵਿੱਚ ਜਿੱਥੇ ਦਿਨ ਦਾ ਤਾਪਮਾਨ 20-22 ਡਿਗਰੀ ਰਹੇਗਾ, ਉੱਥੇ ਰਾਤ ਦਾ ਪਾਰਾ ਵੀ ਘਟ ਕੇ 6-7 ਡਿਗਰੀ ਤੱਕ ਆ ਸਕਦਾ ਹੈ। ਰਾਤ ਅਤੇ ਸਵੇਰੇ ਦੀ ਠੰਡ ਆਮ ਦਿਨਾਂ ਨਾਲੋਂ ਕਾਫ਼ੀ ਵੱਧ ਮਹਿਸੂਸ ਹੋਵੇਗੀ।






