ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਲੀਆ ਹੜ੍ਹਾਂ ਨਾਲ ਬਰਬਾਦ ਹੋਏ ਕਿਸਾਨਾਂ ਲਈ ਵੱਡਾ ਫੈਸਲਾ ਕੀਤਾ ਹੈ। ਸਰਕਾਰ ਪੰਜ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫਸਲ ਗੁਆ ਚੁੱਕੇ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦਾ ਬੀਜ ਮੁਫ਼ਤ ਮੁਹੱਈਆ ਕਰਵਾਏਗੀ। ਇਹ ਬੀਜ ਲਗਭਗ 74 ਕਰੋੜ ਰੁਪਏ ਦੀ ਕੀਮਤ ਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲਈ ਸਰਕਾਰ ਉਨ੍ਹਾਂ ਦੇ ਮੁਸ਼ਕਲ ਸਮੇਂ ਵਿੱਚ ਮਜ਼ਬੂਤ ਸਾਥੀ ਵਜੋਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਹਾੜ੍ਹੀ ਫਸਲ ਲਈ ਇਹ ਬੀਜ ਕਿਸਾਨਾਂ ਨੂੰ ਨਵੀਂ ਉਮੀਦ ਦੇਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਵਾਇਆ ਹੈ:
-
2,300 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ
-
20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਅਤੇ ਲਗਭਗ 7 ਲੱਖ ਲੋਕ ਬੇਘਰ
-
5 ਲੱਖ ਏਕੜ ਰਕਬੇ ਵਿੱਚ ਫਸਲ ਤਬਾਹ
-
56 ਲੋਕਾਂ ਦੀ ਮੌਤ
-
3,200 ਸਰਕਾਰੀ ਸਕੂਲ ਅਤੇ 19 ਕਾਲਜ ਖਰਾਬ
-
1,400 ਕਲੀਨਿਕਾਂ ਤੇ ਹਸਪਤਾਲ ਨੁਕਸਾਨੇ
-
8,500 ਕਿਲੋਮੀਟਰ ਸੜਕਾਂ ਤੇ 2,500 ਪੁਲ ਤਬਾਹ
ਉਨ੍ਹਾਂ ਕਿਹਾ ਕਿ ਕੁੱਲ ਨੁਕਸਾਨ ਦਾ ਅੰਦਾਜ਼ਾ 13,800 ਕਰੋੜ ਰੁਪਏ ਤੋਂ ਵੱਧ ਹੈ ਅਤੇ ਅਸਲ ਅੰਕੜੇ ਇਸ ਤੋਂ ਵੀ ਉੱਪਰ ਹੋ ਸਕਦੇ ਹਨ।