ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਸੂਬੇ ਵਿਚ ਮੌਸਮ ਨੇ ਅਚਾਨਕ ਰੁੱਖ ਬਦਲਿਆ ਹੈ ਅਤੇ ਠੰਡ ਨੇ ਤੇਜ਼ੀ ਨਾਲ ਪੈਰ ਪਸਾਰੇ ਹਨ। ਰਾਤ ਦੇ ਤਾਪਮਾਨ ਵਿੱਚ ਵੀ ਕਾਫ਼ੀ ਕਮੀ ਦਰਜ ਕੀਤੀ ਗਈ ਹੈ। ਅਗਲੇ ਦਿਨਾਂ ਦੌਰਾਨ ਧੁੰਦ ਦਾ ਅਸਰ ਵੀ ਵਧਣ ਦੀ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਅੱਜ ਤੋਂ 19 ਤਾਰੀਖ਼ ਤੱਕ ਦੀ ਪੇਸ਼ਗੋਈ ਜਾਰੀ ਕੀਤੀ ਹੈ। ਇਸ ਦੌਰਾਨ ਬਾਰਿਸ਼ ਦੀ ਕੋਈ ਚੇਤਾਵਨੀ ਨਹੀਂ ਹੈ ਅਤੇ ਪੰਜ ਦਿਨ ਤੱਕ ਮੌਸਮ ਖੁਸ਼ਕ ਰਹੇਗਾ। ਇੱਕ ਰਿਪੋਰਟ ਮੁਤਾਬਕ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਪੰਜਾਬ ਸਮੇਤ ਕਈ ਖੇਤਰਾਂ ਵਿਚ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ।
ਆਈਐਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਯੂਪੀ ਅਤੇ ਐਮਪੀ ਵਿੱਚ ਸੰਘਣੀ ਧੁੰਦ, ਸੀਤ ਲਹਿਰ ਅਤੇ ਤਾਪਮਾਨ ਵਿੱਚ ਤੇਜ਼ ਗਿਰਾਵਟ ਵੇਖਣ ਨੂੰ ਮਿਲੇਗੀ। ਮਾਹਿਰਾਂ ਅਨੁਸਾਰ ਇਸ ਸਾਲ ਠੰਡ ਵਧਣ ਦਾ ਮੁੱਖ ਕਾਰਨ ‘ਲਾ-ਨੀਨਾ’ ਹੈ, ਜੋ ਪ੍ਰਸ਼ਾਂਤ ਮਹਾਂਸਾਗਰ ਦੇ ਤਾਪਮਾਨ ਵਿਚ ਆਉਣ ਵਾਲੀ ਕਮੀ ਕਾਰਨ ਬਣਦਾ ਹੈ। ਲਾ-ਨੀਨਾ ਦੇ ਪ੍ਰਭਾਵ ਨਾਲ ਠੰਡੀਆ ਹਵਾਵਾਂ ਹੋਰ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ। ਭਾਵੇਂ ਲਾ-ਨੀਨਾ ਇਸ ਵਾਰ ਕਮਜ਼ੋਰ ਰਹੇਗਾ, ਪਰ ਇਸ ਦਾ ਅਸਰ ਨਵੰਬਰ ਤੋਂ ਜਨਵਰੀ ਤੱਕ ਬਣਿਆ ਰਹਿ ਸਕਦਾ ਹੈ।
ਲਾ-ਨੀਨਾ ਦੌਰਾਨ ਉੱਤਰ ਅਤੇ ਮੱਧ ਭਾਰਤ ਵਿੱਚ ਪੱਛਮੀ ਗੜਬੜੀ ਵਧੇਰੇ ਸਰਗਰਮ ਰਹਿਣ ਕਰਕੇ ਬਰਫ਼ਬਾਰੀ ਵਧਦੀ ਹੈ, ਜਿਸ ਦਾ ਸੀਧਾ ਪ੍ਰਭਾਵ ਮੈਦਾਨੀ ਇਲਾਕਿਆਂ ਦੇ ਮੌਸਮ ‘ਤੇ ਪੈਂਦਾ ਹੈ।






