ਅੰਮ੍ਰਿਤਸਰ ਬਾਈਪਾਸ ‘ਤੇ ਮਹਿਲਾਂ ਵਾਲੇ ਪੁਲ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੌਥਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਟੁਕੜੇ-ਟੁਕੜੇ ਹੋ ਗਏ ਅਤੇ ਇੰਜਣ ਵੀ ਬਾਹਰ ਨਿਕਲ ਕੇ ਦੂਰ ਜਾ ਡਿੱਗਿਆ। ਇਹ ਹਾਦਸਾ ਕਰੀਬ ਰਾਤ 12 ਤੋਂ 2 ਵਜੇ ਦੇ ਦਰਮਿਆਨ ਵਾਪਰਨ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਮੁਤਾਬਕ, ਪਿੰਡ ਲੋਪੋਕੇ ਵੱਲੋਂ ਆ ਰਹੀ ਕਾਰ ਮਹਿਲਾਂ ਵਾਲੇ ਪੁਲ ਕੋਲ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ—ਜਿਨ੍ਹਾਂ ਵਿਚੋਂ ਤਿੰਨ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਪਿੰਡ ਚੱਕ ਮਿਸ਼ਰੀ ਖਾਂ ਦਾ ਰਹਿਣ ਵਾਲਾ ਸੰਨੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਹੈ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਬਹੁਤ ਗੰਭੀਰ ਹੈ। ਮਾਰੇ ਗਏ ਨੌਜਵਾਨਾਂ ਵਿੱਚ ਇੱਕ ਚੱਕ ਮਿਸ਼ਰੀ ਖਾਂ, ਇੱਕ ਲੋਪੋਕੇ ਅਤੇ ਇੱਕ ਬੋਪਾਰਾਏ ਬਾਜ ਕਲਾਂ ਪਿੰਡ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨ ਮ੍ਰਿਤਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਰਾਤ ਦੇ ਸਮੇਂ ਹੋਇਆ ਸੀ ਅਤੇ ਇਸ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਮਾਰਕਿੰਗ ਜਾਂ ਰੋਸ਼ਨੀ ਦੀ ਕਮੀ ਕਾਰਨ ਗੱਡੀ ਕੰਧ ਨਾਲ ਟਕਰਾ ਗਈ ਹੋ ਸਕਦੀ ਹੈ। ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਸ ਨੇ ਮ੍ਰਿਤਕਾਂ ਦੇ ਸ਼ਰੀਰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






