ਪੰਜਾਬ ‘ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ!

ਨਾਭਾ ਬਲਾਕ ਦੇ ਪਿੰਡ ਮੈਹਸ ਵਿੱਚ ਸਥਿਤ ਸ਼ਮਸ਼ੇਰ ਭਾਰਤ ਗੈਸ ਏਜੰਸੀ ‘ਚ ਅਚਾਨਕ ਹੋਏ ਜ਼ੋਰਦਾਰ ਧਮਾਕੇ ਨਾਲ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ, ਏਜੰਸੀ ਦੇ ਗੋਦਾਮ ਦੇ ਨਾਲ ਵਾਲੇ ਕਮਰੇ ਵਿੱਚ ਰੱਖੇ ਗੈਸ ਸਿਲੰਡਰਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇੱਕ ਭਾਰੀ ਧਮਾਕਾ ਹੋਇਆ ਅਤੇ ਇਮਾਰਤ ਦੀ ਛੱਤ ਢਹਿ ਗਈ। ਧਮਾਕਾ ਇੰਨਾ ਤੀਬਰ ਸੀ ਕਿ ਸਿਲੰਡਰ ਚਿੱਥੜੇ ਹੋ ਗਏ ਅਤੇ ਉਨ੍ਹਾਂ ਦੇ ਟੁਕੜੇ ਕਾਫ਼ੀ ਦੂਰ ਤੱਕ ਉੱਡ ਕੇ ਪਹੁੰਚੇ। ਧਮਾਕੇ ਦੀ ਆਵਾਜ਼ ਸੁਣਦੇ ਹੀ ਨੇੜਲੇ ਪਿੰਡਾਂ ਦੇ ਲੋਕ ਮੌਕੇ ‘ਤੇ ਦੌੜ ਪਏ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਰਿਪੋਰਟਾਂ ਅਨੁਸਾਰ, ਇਸ ਹਾਦਸੇ ਦੌਰਾਨ ਚਾਰ ਮਜ਼ਦੂਰ ਛੱਤ ਹੇਠ ਦੱਬ ਗਏ ਅਤੇ ਗੰਭੀਰ ਰੂਪ ਵਿੱਚ ਝੁਲਸ ਗਏ। ਸਮੇਂ ਸਿਰ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਖੁਸ਼ਕਿਸਮਤੀ ਨਾਲ, ਨਾਲ ਵਾਲੇ ਵੱਡੇ ਗੋਦਾਮ ਵਿੱਚ ਦਰਜਨਾਂ ਸਿਲੰਡਰ ਰੱਖੇ ਹੋਏ ਸਨ, ਜਿਨ੍ਹਾਂ ਤੱਕ ਅੱਗ ਨਾ ਫੈਲਣ ਕਰਕੇ ਵੱਡਾ ਹਾਦਸਾ ਟਲ ਗਿਆ। ਗੰਭੀਰ ਝੁਲਸੇ ਹੋਏ ਦੋ ਮਜ਼ਦੂਰਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ, ਜਦਕਿ ਹੋਰ ਦੋ ਦਾ ਇਲਾਜ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਚਸ਼ਮਦੀਦਾਂ ਦੇ ਮੁਤਾਬਕ, ਕਮਰੇ ਵਿੱਚ ਰੱਖੇ ਇੱਕ ਸਿਲੰਡਰ ਨੂੰ ਅਚਾਨਕ ਅੱਗ ਲੱਗੀ ਸੀ, ਜਿਸ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਦੀ ਗੂੰਜ ਦੂਰ ਤੱਕ ਸੁਣੀ ਗਈ ਅਤੇ ਜੇਕਰ ਅੱਗ ਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ ਤਾਂ ਨੁਕਸਾਨ ਕਾਫ਼ੀ ਵੱਡਾ ਹੋ ਸਕਦਾ ਸੀ। ਪਰਿਵਾਰਕ ਮੈਂਬਰਾਂ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਫੋਨ ਰਾਹੀਂ ਹਾਦਸੇ ਦੀ ਖ਼ਬਰ ਮਿਲੀ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।