ਪੰਜਾਬ ਸਰਕਾਰ ਵੱਲੋਂ ਰਾਜ ਦੇ ਮਾਲ ਵਿਭਾਗ ਅਧੀਨ ਤਹਿਸੀਲ ਦਫਤਰਾਂ ਵਿੱਚ ਜ਼ਮੀਨਾਂ ਦੀ ਖਰੀਦ-ਫਰੋਖਤ ਸਬੰਧੀ ਰਜਿਸਟ੍ਰੀਆਂ ਦੇ ਕੰਮ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਤਾਇਨਾਤ ਰਜਿਸਟਰੀ ਕਲਰਕਾਂ ਨੂੰ ਹਟਾਇਆ ਜਾਵੇ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਕਲਰਕਾਂ ਦੀ ਨਿਯੁਕਤੀ ਕੀਤੀ ਜਾਵੇ ਜੋ ਸੱਤ ਸਾਲ ਤੋਂ ਘੱਟ ਨੌਕਰੀ ਦਾ ਤਜਰਬਾ ਰੱਖਦੇ ਹੋਣ। ਇਹ ਕਲਰਕ ਰਜਿਸਟਰਾਰ ਅਤੇ ਜੁਆਇੰਟ ਸਬ-ਰਜਿਸਟਰਾਰ ਦੀ ਰਜਿਸਟਰੀ ਕੰਮ ਵਿੱਚ ਮਦਦ ਕਰਨਗੇ।
ਰਜਿਸਟਰੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸਹਿਜ ਬਣਾਉਣ ਲਈ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਚੱਲ ਰਹੇ ‘ਈਜ਼ੀ ਰਜਿਸਟਰੀ’ ਪਾਇਲਟ ਪ੍ਰਾਜੈਕਟ ਨੂੰ ਹੁਣ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੀਕ ਮੁੱਖ ਸਕੱਤਰ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਨਾ ਸਿਰਫ ਈਜ਼ੀ ਰਜਿਸਟਰੀ ਦੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ, ਸਗੋਂ ਰਜਿਸਟਰੀ ਕਲਰਕ, ਰਜਿਸਟਰਾਰ ਅਤੇ ਸਬ-ਰਜਿਸਟਰਾਰ ਦੀ ਭੂਮਿਕਾ ਵਿੱਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਵੀ ਸਪਸ਼ਟ ਕੀਤਾ ਗਿਆ ਹੈ।
ਇਸ ਨਵੇਂ ਤਰੀਕੇ ਅਧੀਨ, ਰਜਿਸਟਰੀ ਤੋਂ ਪਹਿਲਾਂ ਰਜਿਸਟਰਾਰ ਜਾਂ ਜੁਆਇੰਟ ਸਬ-ਰਜਿਸਟਰਾਰ ਨੂੰ ਆਪਣੇ ਲਾਗਇਨ ਰਾਹੀਂ ਦਸਤਾਵੇਜ਼ਾਂ ਦੀ ਜਾਂਚ ਕਰਨੀ ਹੋਵੇਗੀ ਕਿ ਉਹ ਕਾਨੂੰਨੀ ਤੌਰ ‘ਤੇ ਠੀਕ ਹਨ ਜਾਂ ਨਹੀਂ, ਅਤੇ ਇਹ ਵੀ ਦੇਖਣਾ ਪਵੇਗਾ ਕਿ ਸਟੈਂਪ ਡਿਊਟੀ ਅਤੇ ਹੋਰ ਸਰਕਾਰੀ ਫੀਸਾਂ ਦੀ ਗਿਣਤੀ ਸਹੀ ਢੰਗ ਨਾਲ ਹੋਈ ਹੈ ਜਾਂ ਨਹੀਂ। ਜਦੋਂ ਸਭ ਕੁਝ ਠੀਕ ਪਾਇਆ ਜਾਵੇਗਾ, ਤਦ ਰਜਿਸਟਰੀ ਲਈ ਮਨਜ਼ੂਰੀ ਦਿੱਤੀ ਜਾਵੇਗੀ।
ਰਜਿਸਟਰੀ ਦੌਰਾਨ ਦੋਵਾਂ ਧਿਰਾਂ ਦੀ ਪਛਾਣ, ਉਨ੍ਹਾਂ ਦੀ ਯੋਗਤਾ ਦੀ ਜਾਂਚ ਅਤੇ ਸਰਕਾਰੀ ਫੀਸਾਂ ਦੀ ਅਦਾਇਗੀ ਦੀ ਪੁਸ਼ਟੀ ਕਰਨੀ ਲਾਜ਼ਮੀ ਹੋਵੇਗੀ। ਨਵੇਂ ਤਾਇਨਾਤ ਹੋਣ ਵਾਲੇ ਕਲਰਕ court orders ਨੂੰ ਤੁਰੰਤ ਪੋਰਟਲ ‘ਤੇ ਅਪਲੋਡ ਕਰਨ, endorsements ਉੱਤੇ ਹਸਤਾਖਰ ਲੈਣ, ਰਜਿਸਟਰੀ ਨੂੰ ਸਕੈਨ ਕਰਕੇ ਦਰਜ ਕਰਨ ਅਤੇ ਇੱਕ ਘੰਟੇ ਦੇ ਅੰਦਰ ਕਾਪੀ ਸੌਂਪਣ ਵਰਗੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
ਇਸ ਦੇ ਨਾਲ-ਨਾਲ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸੂਬੇ ਭਰ ਦੇ ਮੌਜੂਦਾ ਰਜਿਸਟਰੀ ਕਲਰਕਾਂ ਦੀ ਤਬਦੀਲੀ ਜਾਂ ਬਦਲੀ ਕੀਤੀ ਜਾਵੇਗੀ, ਤਾਂ ਜੋ ਭ੍ਰਿਸ਼ਟਾਚਾਰ ਦੀ ਸੰਭਾਵਨਾ ਨੂੰ ਮੁਕੰਮਲ ਤੌਰ ‘ਤੇ ਖਤਮ ਕੀਤਾ ਜਾ ਸਕੇ। ਰਜਿਸਟਰੀ ਸਹਾਇਤਾ ਕਰਦੇ ਕਲਰਕਾਂ ਲਈ ਟਰੇਨਿੰਗ ਸਿਲੇਬਸ ਨੂੰ ਵੀ ਨਵੀਂ ਰੂਪ-ਰੇਖਾ ਦੇਣ ਦੀ ਤਿਆਰੀ ਚੱਲ ਰਹੀ ਹੈ। ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨਾਲ ਹੋਈਆਂ ਬੈਠਕਾਂ ਦੌਰਾਨ ਇਹ ਪਤਾ ਲੱਗਿਆ ਹੈ ਕਿ ਜ਼ਿਲਾ ਪੱਧਰ ‘ਤੇ ਕੇਵਲ 10-15 ਫੀਸਦੀ ਕਰਮਚਾਰੀਆਂ ਨੇ ਹੀ ਰਜਿਸਟਰੀ ਕਲਰਕ ਦਾ ਪੇਪਰ ਪਾਸ ਕੀਤਾ ਸੀ, ਜਿਸ ਕਰਕੇ ਵਾਰ-ਵਾਰ ਉਹੀ ਕਰਮਚਾਰੀ ਰਜਿਸਟਰੀ ਡਿਊਟੀ ‘ਤੇ ਲਗਦੇ ਹਨ ਅਤੇ ਇਹੀ ਗੱਲ ਭ੍ਰਿਸ਼ਟਾਚਾਰ ਦਾ ਰਾਹ ਖੋਲ੍ਹਦੀ ਹੈ।