ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪੇਂਡੂ ਖੇਤਰਾਂ ਵਿੱਚ ਕੱਚੇ ਮਕਾਨਾਂ ਵਿੱਚ ਰਹਿ ਰਹੇ ਲੋੜਵੰਦ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਲਈ ਹੋ ਰਹੇ ਸਰਵੇ ਦੀ ਅੰਤਿਮ ਮਿਤੀ ਨੂੰ ਵਧਾ ਦਿੱਤਾ ਗਿਆ ਹੈ। ਪਹਿਲਾਂ ਇਹ ਮਿਤੀ 15 ਮਈ 2025 ਨਿਰਧਾਰਤ ਸੀ, ਪਰ ਹੁਣ ਕੇਂਦਰ ਸਰਕਾਰ ਨੇ ਇਹ ਮਿਤੀ 31 ਜੁਲਾਈ 2025 ਤੱਕ ਵਧਾ ਕੇ ਅਵਾਸ ਪੋਰਟਲ 2.0 ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ। 31 ਜੁਲਾਈ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਪਹਿਲਾਂ ਤੋਂ ਹੀ ਸਰਵੇ ਲਈ ਸਰਵੇਅਰ ਨਿਯੁਕਤ ਕੀਤੇ ਗਏ ਹਨ, ਜੋ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਨਗੇ। ਇਹ ਸਰਵੇ ਮੋਬਾਈਲ ਐਪ ਰਾਹੀਂ ਦੋ ਤਰੀਕਿਆਂ—ਅਸਿਸਟਡ ਸਰਵੇ ਅਤੇ ਸੈਲਫ ਸਰਵੇ—ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਇਹ ਸਰਵੇ ਹੀ ਇਕੋ ਇਕ ਮਾਧਿਅਮ ਹੈ ਅਤੇ ਹੁਣ ਇਸ ਦੀ ਆਖਰੀ ਮਿਤੀ 31 ਜੁਲਾਈ 2025 ਹੈ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਸਰਵੇਅਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਜੇਕਰ ਕੋਈ ਲਾਭਯੋਗ ਪਰਿਵਾਰ ਛੁੱਟ ਗਿਆ ਹੋਵੇ ਤਾਂ ਉਸਨੂੰ ਵੀ ਤੁਰੰਤ ਰਜਿਸਟਰ ਕਰਵਾਇਆ ਜਾਵੇ, ਤਾਂ ਜੋ ਸਕੀਮ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਹੋਰ ਜਾਣਕਾਰੀ ਲਈ ਲੋਕ ਸਕੀਮ ਦੀ ਵੈੱਬਸਾਈਟ https://pmayg.nic.in ’ਤੇ ਜਾਂ ਆਪਣੇ ਨਜ਼ਦੀਕੀ ਬਲਾਕ ਦਫ਼ਤਰ ’ਤੇ ਸੰਪਰਕ ਕਰ ਸਕਦੇ ਹਨ।