ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਘਣੀ ਧੁੰਦ ਅਤੇ ਤੀਖੀ ਸਰਦੀ ਦਰਮਿਆਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਉਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਮੁਤਾਬਕ 22 ਅਤੇ 23 ਜਨਵਰੀ ਨੂੰ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 22 ਜਨਵਰੀ ਦੀ ਸ਼ਾਮ ਤੋਂ ਮੌਸਮ ਰੁਖ ਬਦਲੇਗਾ ਅਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਸਮੇਤ ਕਈ ਇਲਾਕਿਆਂ ਵਿੱਚ ਵਰਖਾ ਹੋ ਸਕਦੀ ਹੈ।
ਇਸ ਦਰਮਿਆਨ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਮੌਸਮ ਲਗਾਤਾਰ ਕਰਵਟਾਂ ਲੈ ਰਿਹਾ ਹੈ। ਦਿਨ ਦੇ ਸਮੇਂ ਅਤੇ ਦੇਰ ਰਾਤ ਘਣੀ ਧੁੰਦ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਦੁਪਹਿਰ ਵੇਲੇ ਨਿਕਲਦੀ ਧੁੱਪ ਲੋਕਾਂ ਲਈ ਸਿਰਫ ਝੂਠੀ ਰਾਹਤ ਸਾਬਤ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦਿਨ ਦੇ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ਾਮ ਪੈਂਦੇ ਹੀ ਠੰਡ ਦਾ ਪ੍ਰਭਾਵ ਹੋਰ ਵਧ ਜਾਂਦਾ ਹੈ, ਜਿਸ ਕਾਰਨ ਲੋਕ ਹੱਡ-ਚੀਰਨ ਵਾਲੀ ਸਰਦੀ ਨਾਲ ਕੰਬਦੇ ਨਜ਼ਰ ਆ ਰਹੇ ਹਨ।
ਮੌਜੂਦਾ ਹਾਲਾਤਾਂ ਵਿੱਚ ਦੁਪਹਿਰ ਦੀ ਤੇਜ਼ ਧੁੱਪ ਲੋਕਾਂ ਨੂੰ ਉਲਝਣ ਵਿੱਚ ਪਾ ਰਹੀ ਹੈ ਕਿ ਮੌਸਮ ਸੁਧਰ ਰਿਹਾ ਹੈ ਜਾਂ ਨਹੀਂ, ਪਰ ਦੇਰ ਸ਼ਾਮ ਪੈਂਦੀ ਕੜਾਕੇ ਦੀ ਠੰਡ ਇਹ ਸਾਫ ਕਰ ਦਿੰਦੀ ਹੈ ਕਿ ਸਰਦੀ ਦਾ ਅਸਰ ਹਾਲੇ ਵੀ ਜਾਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਾਇਨਾਤ ਮੌਸਮ ਵਿਗਿਆਨੀ ਡਾ. ਕਿੰਗਰਾ ਨੇ ਦੱਸਿਆ ਕਿ ਸੋਮਵਾਰ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਮੁਤਾਬਕ ਸੰਘਣੀ ਧੁੰਦ ਦੇ ਚਲਦੇ 19 ਤੋਂ 21 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 22 ਅਤੇ 23 ਜਨਵਰੀ ਨੂੰ ਤੇਜ਼ ਹਵਾਵਾਂ, ਤੂਫਾਨ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ।





