ਪੰਜਾਬ ‘ਚ ਇਨ੍ਹਾਂ ਤਰੀਕਾਂ ਨੂੰ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਦੇ ਮੌਸਮ ਬਾਰੇ ਇਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ ਆਉਣ ਵਾਲੇ ਹਫ਼ਤੇ ਵਿੱਚ ਸੂਬੇ ‘ਚ ਗਰਮੀ ਹੋਰ ਤੇਜ਼ ਹੋ ਸਕਦੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 4 ਤੋਂ 6 ਡਿਗਰੀ ਸੈਲਸੀਅਸ ਤੱਕ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅੱਜ ਭਾਵੇਂ ਧੁੱਪ ਤੇਜ਼ ਰਹੀ ਅਤੇ ਗਰਮੀ ਮਹਿਸੂਸ ਹੋਈ, ਪਰ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਵਿੱਚ ਹਲਕਾ ਬਦਲਾਅ ਵੀ ਆ ਸਕਦਾ ਹੈ। 16 ਅਤੇ 17 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਤੱਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। 15 ਅਪ੍ਰੈਲ ਤੋਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜੋ ਕਿ ਕਮਜ਼ੋਰ ਹੋਣ ਦੇ ਬਾਵਜੂਦ ਹਲਕਾ ਪ੍ਰਭਾਵ ਛੱਡ ਸਕਦੀ ਹੈ।

ਇਸਦੇ ਪ੍ਰਭਾਵ ਨਾਲ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਜਾਂ ਬਰਫ਼ਬਾਰੀ ਹੋ ਸਕਦੀ ਹੈ। ਇਸਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੰਸ਼ਕ ਬੱਦਲਵਾਈ ਅਤੇ ਤੇਜ਼ ਹਵਾਵਾਂ ਦੇ ਚਲਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਵਿੱਚ ਹਲਕਾ ਉਤਾਰ-ਚੜ੍ਹਾਅ ਵੀ ਹੋ ਸਕਦਾ ਹੈ।

ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਸੂਬੇ ਵਿੱਚ ਆਮ ਤੋਂ ਕਾਫ਼ੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। 1 ਤੋਂ 12 ਅਪ੍ਰੈਲ ਤੱਕ ਔਸਤ 26.2 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ 4.9 ਮਿਲੀਮੀਟਰ ਨਾਲੋਂ 435 ਫ਼ੀਸਦੀ ਜ਼ਿਆਦਾ ਹੈ। ਜ਼ਿਲ੍ਹਿਆਂ ਵਿੱਚ ਮੋਹਾਲੀ ‘ਚ 31.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ ਕਾਫ਼ੀ ਵੱਧ ਹੈ। ਸਭ ਤੋਂ ਵੱਧ ਬਾਰਿਸ਼ ਫਾਜ਼ਿਲਕਾ (56.8 ਮਿਲੀਮੀਟਰ) ਅਤੇ ਰੂਪਨਗਰ (53.8 ਮਿਲੀਮੀਟਰ) ਵਿੱਚ ਦਰਜ ਕੀਤੀ ਗਈ, ਜਦਕਿ ਹੁਸ਼ਿਆਰਪੁਰ ਵਿੱਚ ਸਿਰਫ਼ 4.5 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ ਘੱਟ ਹੈ।

ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 16-17 ਅਪ੍ਰੈਲ ਨੂੰ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਰਹੇਗਾ। ਇਸਦੇ ਨਾਲ ਹੀ ਅਗਲੇ ਸੱਤ ਦਿਨਾਂ ਵਿੱਚ ਤਾਪਮਾਨ ਵਧਣ ਨਾਲ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।