ਪੰਜਾਬ ”ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਚੱਲ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਪੀ.ਡਬਲਯੂ.ਡੀ, ਪਬਲਿਕ ਹੈਲਥ, ਪੀ.ਐਸ.ਪੀ.ਸੀ.ਐਲ, ਏਅਰਪੋਰਟ ਅਥਾਰਟੀ ਆਫ਼ ਇੰਡੀਆ, ਐਨ.ਐਚ.ਏ.ਆਈ, ਡਰੇਨੇਜ ਵਿਭਾਗ ਅਤੇ ਠੇਕੇਦਾਰ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਉਨ੍ਹਾਂ ਨੇ ਹਵਾਈ ਅੱਡੇ ‘ਤੇ ਸੀਸੀਟੀਵੀ ਕੈਮਰਿਆਂ ਦੀ ਇੰਸਟਾਲੇਸ਼ਨ, ਸਫਾਈ ਅਤੇ ਹੋਰ ਛੋਟੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਜੋ ਅਗਲੇ ਦੋ ਦਿਨਾਂ ਵਿੱਚ ਪੂਰੇ ਹੋਣੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਏਅਰਪੋਰਟ ਅਥਾਰਟੀ ਅਤੇ ਹੋਰ ਸੰਬੰਧਤ ਏਜੰਸੀਆਂ ਨਾਲ ਪੂਰੇ ਤਾਲਮੇਲ ਵਿੱਚ ਕੰਮ ਕਰ ਰਿਹਾ ਹੈ ਤਾਂ ਜੋ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਸਕਣ।

ਹਿਮਾਂਸ਼ੂ ਜੈਨ ਨੇ ਇਹ ਵੀ ਸੂਚਿਤ ਕੀਤਾ ਕਿ ਟਰਮੀਨਲ ਇਮਾਰਤ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਵਾਈ ਅੱਡੇ ਨੂੰ ਅਧਿਕਾਰਿਕ ਏਅਰਪੋਰਟ ਕੋਡ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਆਸ ਜ਼ਤਾਈ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਖੇਤਰ ਵਿੱਚ ਉਦਯੋਗਿਕ ਵਿਕਾਸ, ਨਿਰਯਾਤ ਅਤੇ ਰੁਜ਼ਗਾਰ ਨੂੰ ਵਧਾਵੇਗਾ ਅਤੇ ਇਕ ਨਵੇਂ ਆਰਥਿਕ ਕੇਂਦਰ ਵਜੋਂ ਉਭਰੇਗਾ।