ਥਾਣਾ ਦਾਖਾ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਉੱਤੇ ਪਿੰਡ ਦੀ ਇੱਕ ਨਾਬਾਲਗ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਨੂ ਸ਼ਾਹ ਪੁੱਤਰ ਵਿਜੇਂਦਰ ਸ਼ਾਹ ਵਾਸੀ ਜੈਨ ਕਾਲੋਨੀ, ਬਾੜੇਵਾਲ ਖ਼ਿਲਾਫ਼ ਧਾਰਾ 64 ਬੀ.ਐੱਨ.ਐੱਸ ਅਤੇ ਧਾਰਾ 4 ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਧੀ ਦੀ ਉਮਰ ਲਗਭਗ 17 ਸਾਲ ਹੈ। 28 ਸਤੰਬਰ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਧੀ ਘਰ ਤੋਂ ਗਾਇਬ ਸੀ। 1 ਅਕਤੂਬਰ ਨੂੰ ਧੀ ਨੇ ਇੱਕ ਅਣਜਾਣ ਨੰਬਰ ਤੋਂ ਫੋਨ ਕਰਕੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਹੈ ਅਤੇ ਮਾਂ ਨੂੰ ਆ ਕੇ ਲੈ ਜਾਣ ਲਈ ਕਿਹਾ।
ਘਰ ਆਉਣ ‘ਤੇ ਕੁੜੀ ਨੇ ਦੱਸਿਆ ਕਿ ਉਸ ਦੇ ਦੋਸਤ ਮਨੂ ਸ਼ਾਹ ਨੇ ਉਸਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਸ ਨੇ ਲੜਕੀ ਨੂੰ ਕਿਹਾ ਕਿ ਕੁਝ ਪੈਸੇ ਅਤੇ ਦਸਤਾਵੇਜ਼ ਘਰੋਂ ਲੈ ਕੇ ਆ ਜਾਵੇ ਕਿਉਂਕਿ ਉਹ ਉਸਨੂੰ ਲੈਣ ਆ ਰਿਹਾ ਹੈ। ਮਨੂ ਸ਼ਾਹ ਉਸਨੂੰ ਮੋਟਰਸਾਈਕਲ ‘ਤੇ ਬੈਠਾ ਕੇ ਲੁਧਿਆਣਾ ਲੈ ਗਿਆ ਅਤੇ ਕਿਸੇ ਹੋਟਲ ਵਿੱਚ ਰੱਖਿਆ, ਜਿੱਥੇ ਉਸਨੇ ਵਿਆਹ ਦਾ ਝਾਂਸਾ ਦੇ ਕੇ ਜਬਰਦਸਤੀ ਸਰੀਰਕ ਸਬੰਧ ਬਣਾਏ।
ਜਦੋਂ ਲੜਕੀ ਨੇ ਵਿਆਹ ਕਰਨ ਲਈ ਦਬਾਅ ਦਿੱਤਾ ਤਾਂ ਮਨੂ ਸ਼ਾਹ ਨੇ ਉਸ ਨਾਲ ਗਾਲ੍ਹਾਂ ਕੱਢਣ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਸਨੂੰ ਲੁਧਿਆਣਾ ਵਿੱਚ ਛੱਡ ਕੇ ਆਪ ਭੱਜ ਗਿਆ।
ਥਾਣਾ ਦਾਖਾ ਦੇ ਇੰਚਾਰਜ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਪੀੜਤ ਨਾਬਾਲਗ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਅਤੇ ਦੋਸ਼ੀ ਮਨੂ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਕਿਰਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ।