ਜਲੰਧਰ: ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਐਤਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਸਪਲਾਈ ਬੰਦ ਰਹੇਗੀ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੈਨਟੀਨੈਂਸ ਕੰਮਾਂ ਕਾਰਨ ਇਹ ਪਾਵਰ ਕੱਟ ਲਗਾਇਆ ਜਾ ਰਿਹਾ ਹੈ, ਜਿਸ ਬਾਰੇ ਸਬੰਧਤ ਸ਼ਹਿਰਾਂ ਅਤੇ ਖੇਤਰਾਂ ਵਿੱਚ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਬਿਜਲੀ ਬੰਦ ਰਹਿਣ ਦਾ ਸਮਾਂ ਵੀ ਪਹਿਲਾਂ ਹੀ ਨਿਰਧਾਰਤ ਕੀਤਾ ਗਿਆ ਹੈ।
ਭਾਦਸੋਂ: ਸਬ-ਡਵੀਜ਼ਨ ਭਾਦਸੋਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਬਰਕੋਮਲ ਸਿੰਘ ਨੇ ਦੱਸਿਆ ਕਿ 8 ਫਰਵਰੀ (ਐਤਵਾਰ) ਨੂੰ 66 ਕੇ.ਵੀ. ਗਰਿੱਡ ਭਾਦਸੋਂ ਤੋਂ ਪਟਿਆਲਾ ਰੋਡ ਵੱਲ ਜਾਂਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਬੰਦ ਰਹੇਗੀ। ਇਸ ਦੌਰਾਨ ਸਬ-ਡਵੀਜ਼ਨ ਦੇ ਸਾਰੇ ਖਪਤਕਾਰ ਪ੍ਰਭਾਵਿਤ ਹੋਣਗੇ।
ਅਬੋਹਰ: ਇੰਜੀਨੀਅਰ ਰਾਜੀਵ ਗਰੋਵਰ, ਏ.ਈ.ਈ. ਐੱਸ/ਡੀ ਨੰਬਰ 1 ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 220 ਕੇ.ਵੀ. ਗਰਿੱਡ ਨਾਲ ਜੁੜੇ 11 ਕੇ.ਵੀ. ਏਅਰ ਫੋਰਸ ਫੀਡਰ ‘ਤੇ ਜ਼ਰੂਰੀ ਕੰਮ ਕਰਨ ਲਈ 8 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਪਰਮਿਟ ਲਿਆ ਜਾਵੇਗਾ। ਇਸ ਕਾਰਨ 11 ਕੇ.ਵੀ. ਇੰਡਸਟਰੀਅਲ, ਪੁੱਡਾ ਕਾਲੋਨੀ ਅਤੇ ਨਾਨਕ ਨਗਰੀ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਜੰਮੂ ਬਸਤੀ, ਨਾਨਕ ਨਗਰੀ, ਆਨੰਦ ਨਗਰੀ, ਨਵੀਂ ਅਨਾਜ ਮੰਡੀ, ਗੋਬਿੰਦ ਨਗਰੀ, ਪੁੱਡਾ ਕਾਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਨਹੀਂ ਰਹੇਗੀ। ਹਾਲਾਤਾਂ ਮੁਤਾਬਕ ਬਿਜਲੀ ਬੰਦ ਰਹਿਣ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ।
ਦਸੂਹਾ: ਸ਼ਹਿਰੀ ਉਪ ਮੰਡਲ ਅਧਿਕਾਰੀ ਨੇ ਦੱਸਿਆ ਕਿ ਟਰਾਂਸਮਿਸ਼ਨ ਲਾਈਨ ਦੇ ਟਾਵਰ, ਜੋ ਪਿੰਡ ਛਾਂਗਲਾ ਨੇੜੇ ਸਥਿਤ ਹੈ, ਦੀ ਮੁਰੰਮਤ ਲਈ ਸੁਰੱਖਿਆ ਕਾਰਨਾਂ ਹੇਠ 9 ਫਰਵਰੀ ਨੂੰ 11 ਕੇ.ਵੀ. ਕਲਿਆਣਪੁਰ ਯੂ.ਪੀ.ਐੱਸ. ਅਤੇ 11 ਕੇ.ਵੀ. ਉੱਚੀ ਬੱਸੀ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਹੇਗੀ। ਇਸ ਨਾਲ ਸੈਦੋਵਾਲ, ਬੁਧੋਬਰਕਤ, ਭੀਖੋਵਾਲ, ਬਰਾਰੋਵਾਲ, ਗਾਲੋਵਾਲ, ਖੇਪੜਾ, ਨੰਗਲ, ਬੇਗਪੁਰ, ਕੋਟਲੀ, ਕਲਿਆਣਪੁਰ, ਨਰਾਇਣਗੜ੍ਹ, ਜੰਡ, ਸਹਿਗਾ, ਮੱਦੀਪੁਰ, ਅਸ਼ਰਫਪੁਰ, ਲੁਧਿਆਣੀ ਅਤੇ ਉਸਮਾਨ ਸ਼ਹੀਦ ਸਮੇਤ ਕਈ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਸਾਰੇ ਉਪਭੋਗਤਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।



