ਪੰਜਾਬ : ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ

ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਹਰਜਿੰਦਰ ਸਿੰਘ ਬੇਦੀ (ਆਈ.ਏ.ਐੱਸ.) ਨੇ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਰੂਲ 37 (9) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਪੰਜਾਬ ਸਰਕਾਰ ਦੇ ਆਬਕਾਰੀ ਤੇ ਕਰ ਵਿਭਾਗ ਤੋਂ ਪ੍ਰਾਪਤ ਪ੍ਰਵਾਨਗੀ ਦੇ ਆਧਾਰ ’ਤੇ ਫ਼ੈਸਲਾ ਲਿਆ ਹੈ ਕਿ 30 ਅਗਸਤ ਨੂੰ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਮੌਕੇ ਨਗਰ ਨਿਗਮ ਬਟਾਲਾ ਦੀ ਹਦੂਦ ਵਿੱਚ ਡਰਾਈ ਡੇ ਮਨਾਇਆ ਜਾਵੇਗਾ।

ਇਸ ਸੰਬੰਧੀ ਹੁਕਮ ਜਾਰੀ ਕਰਦਿਆਂ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਨਗਰ ਨਿਗਮ ਦੀ ਸੀਮਾ ਅੰਦਰ ਸਾਰੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਕੋਈ ਵੀ ਵਿਅਕਤੀ ਸ਼ਰਾਬ ਦੀ ਵਿਕਰੀ ਜਾਂ ਸਟੋਰੇਜ ਨਹੀਂ ਕਰ ਸਕੇਗਾ। ਇਹ ਪਾਬੰਦੀ ਹੋਟਲਾਂ, ਕਲੱਬਾਂ ਅਤੇ ਅਜਿਹੇ ਅਹਾਤਿਆਂ ’ਤੇ ਵੀ ਲਾਗੂ ਰਹੇਗੀ ਜਿੱਥੇ ਕਾਨੂੰਨੀ ਤੌਰ ’ਤੇ ਸ਼ਰਾਬ ਵੇਚਣ ਦੀ ਇਜਾਜ਼ਤ ਹੁੰਦੀ ਹੈ। ਇਹ ਹੁਕਮ ਇਕ-ਤਰਫ਼ਾ ਤੌਰ ’ਤੇ ਜਾਰੀ ਕੀਤੇ ਗਏ ਹਨ।