ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈੱਸ ਇੰਫਲੂਐਂਸਰ ਕਰਨਦੀਪ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਤਜਰਬਾ ਸਾਂਝਾ ਕੀਤਾ ਹੈ। ਆਸਟ੍ਰੇਲੀਆ ਵਿੱਚ ਰਹਿ ਰਹੇ 32 ਸਾਲਾ ਕਰਨਦੀਪ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਬਾਰੇ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦਿਆਂ ਦੱਸਿਆ। ਉਨ੍ਹਾਂ ਲਿਖਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਦਿਨ ਸੀ ਅਤੇ ਜੇਕਰ ਉਸ ਸਮੇਂ ਉਨ੍ਹਾਂ ਦੇ ਦੋਸਤ ਮੌਕੇ ‘ਤੇ ਨਾ ਹੁੰਦੇ ਤਾਂ ਸ਼ਾਇਦ ਉਹ ਅੱਜ ਜ਼ਿੰਦਾ ਨਾ ਹੁੰਦੇ।
ਰੋਪੜ ਦੇ ਰਹਿਣ ਵਾਲੇ ਕਰਨਦੀਪ ਨੇ ਆਪਣੇ ਤਜਰਬੇ ਰਾਹੀਂ ਨੌਜਵਾਨਾਂ ਨੂੰ ਮਹੱਤਵਪੂਰਨ ਸੰਦੇਸ਼ ਦਿੱਤਾ ਕਿ ਭਾਵੇਂ ਤੁਸੀਂ ਨਿਯਮਿਤ ਜਿਮ ਕਰਦੇ ਹੋ, ਸਿਹਤਮੰਦ ਖੁਰਾਕ ਲੈਂਦੇ ਹੋ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਸਮਝਦੇ ਹੋ, ਫਿਰ ਵੀ ਸਮੇਂ-ਸਮੇਂ ‘ਤੇ ਮੈਡੀਕਲ ਚੈੱਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਹਰ ਰੋਜ਼ ਜਿਮ ਜਾਂਦੇ ਹਨ ਅਤੇ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ।
ਕਰਨਦੀਪ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਜਿਵੇਂ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਵੀ ਵੱਧ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਤਜਰਬਾ ਉਨ੍ਹਾਂ ਲਈ ਜ਼ਿੰਦਗੀ ਦਾ ਨਜ਼ਰੀਆ ਹੀ ਬਦਲਣ ਵਾਲਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਹੁਤ ਅਨਮੋਲ ਅਤੇ ਅਣਿਸ਼ਚਿਤ ਹੈ, ਇਸ ਲਈ ਹਰ ਕਿਸੇ ਨੂੰ ਆਪਣੇ ਪਰਿਵਾਰ—ਮਾਤਾ-ਪਿਤਾ, ਭੈਣ-ਭਰਾਵਾਂ ਅਤੇ ਆਪਣੇ ਪਿਆਰਿਆਂ ਨਾਲ ਪਿਆਰ ਅਤੇ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਇਕ ਪਲ ਲਈ ਉਨ੍ਹਾਂ ਨੂੰ ਲੱਗਿਆ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਖ਼ਤਮ ਹੋ ਗਿਆ ਹੈ, ਪਰ ਰੱਬ ਦੀ ਮਿਹਰ ਨਾਲ ਉਹ ਬਚ ਗਏ। ਇਸ ਘਟਨਾ ਤੋਂ ਬਾਅਦ ਉਹ ਜ਼ਿੰਦਗੀ ਦੀ ਹਰ ਸਾਹ ਨੂੰ ਇੱਕ ਨਵਾਂ ਮੌਕਾ ਸਮਝਦੇ ਹਨ ਅਤੇ ਹਰ ਕਿਸੇ ਨੂੰ ਆਪਣੀ ਸਿਹਤ ਨੂੰ ਕਦੇ ਵੀ ਹਲਕੇ ਵਿੱਚ ਨਾ ਲੈਣ ਦੀ ਅਪੀਲ ਕਰਦੇ ਹਨ।







