ਪਿਅਕੜਾਂ ਦੀਆਂ ਮੌਜਾਂ! ਸਸਤੀ ਹੋਵੇਗੀ ਸ਼ਰਾਬ

ਦਿੱਲੀ ਸਰਕਾਰ ਆਪਣੀ ਸ਼ਰਾਬ ਨੀਤੀ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਨਵੀਂ ਨੀਤੀ ਅਧੀਨ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ ਹੁਣ ਐਨਸੀਆਰ (NCR) ਦੇ ਹੋਰ ਸ਼ਹਿਰਾਂ ਜਿਵੇਂ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਬਰਾਬਰ ਜਾਂ ਉਸ ਤੋਂ ਘੱਟ ਰੱਖੀਆਂ ਜਾਣਗੀਆਂ। ਇਹ ਕਦਮ ਸਰਕਾਰ ਦੀ ਘੱਟ ਰਹੀ ਆਮਦਨੀ ਨੂੰ ਵਧਾਉਣ ਅਤੇ ਦਿੱਲੀ ਦੇ ਨਿਵਾਸੀਆਂ ਨੂੰ ਸਸਤੀ ਸ਼ਰਾਬ ਲਈ ਹੋਰ ਸ਼ਹਿਰਾਂ ਜਾਣ ਤੋਂ ਰੋਕਣ ਲਈ ਚੁੱਕਿਆ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਐਕਸਾਈਜ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਕਮੇਟੀ ਦੇ ਚੇਅਰਮੈਨ ਅਤੇ ਪੀਡਬਲਯੂਡੀ ਮੰਤਰੀ ਪਰਵੇਸ਼ ਸਾਹਿਬ ਸਿੰਘ ਸਮੇਤ ਕਈ ਮੈਂਬਰ ਸ਼ਾਮਲ ਹੋਏ। ਅਧਿਕਾਰੀਆਂ ਅਨੁਸਾਰ, ਅਗਲੇ ਇੱਕ ਮਹੀਨੇ ਵਿੱਚ ਨੀਤੀ ਦਾ ਖਾਕਾ ਤਿਆਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਚਾਰ ਤੋਂ ਵੱਧ ਬੈਠਕਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਰਿਟੇਲ ਮਾਰਜਿਨ, ਐਕਸਾਈਜ਼ ਡਿਊਟੀ ਅਤੇ ਪ੍ਰੀਮੀਅਮ ਬ੍ਰਾਂਡਾਂ ਦੀ ਉਪਲਬਧਤਾ ਵਰਗੇ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ।

ਇਸ ਵੇਲੇ ਦਿੱਲੀ ਵਿੱਚ ਪ੍ਰੀਮੀਅਮ ਸ਼ਰਾਬ ਹੋਰ ਸ਼ਹਿਰਾਂ ਦੇ ਮੁਕਾਬਲੇ ਮਹਿੰਗੀ ਹੈ। ਇੱਥੇ ਭਾਰਤੀ ਸ਼ਰਾਬ ’ਤੇ 50 ਰੁਪਏ ਅਤੇ ਵਿਦੇਸ਼ੀ ਸ਼ਰਾਬ ’ਤੇ 100 ਰੁਪਏ ਦਾ ਨਿਰਧਾਰਤ ਮਾਰਜਿਨ ਲਗਾਇਆ ਗਿਆ ਹੈ, ਜਦਕਿ ਗੁਰੂਗ੍ਰਾਮ ਵਿੱਚ ਦੁਕਾਨਦਾਰ ਆਪਣੀ ਮਰਜ਼ੀ ਨਾਲ ਕੀਮਤ ਅਤੇ ਛੂਟ ਤੈਅ ਕਰਦੇ ਹਨ। ਉਦਾਹਰਣ ਲਈ, ਬਲੈਕ ਲੇਬਲ ਗੁਰੂਗ੍ਰਾਮ ਵਿੱਚ 2,400 ਰੁਪਏ ਵਿੱਚ ਮਿਲਦੀ ਹੈ, ਜਦਕਿ ਦਿੱਲੀ ਵਿੱਚ ਇਹ 3,500 ਰੁਪਏ ਦੀ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ NCR ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਘੱਟ ਜਾਂ ਬਰਾਬਰ ਹੋਣਗੀਆਂ। ਇਸ ਨਾਲ ਸਾਰੇ ਪ੍ਰਸਿੱਧ ਬ੍ਰਾਂਡ ਹਰ ਸਟੋਰ ’ਤੇ ਉਪਲਬਧ ਹੋਣਗੇ, ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਹੋਰ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਸਰਕਾਰੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਨਵੀਂ ਨੀਤੀ ਨਾਲ ਸਰਕਾਰ ਅਤੇ ਖਪਤਕਾਰ ਦੋਵਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ।