ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਇਸ ਵੇਲੇ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣੀ ਮੈਦਾਨ ਵਿੱਚ ਨਹੀਂ ਉਤਰੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਘਰਾਣੇਸ਼ਾਹੀ ਦੀ ਰਾਜਨੀਤੀ ਤੋਂ ਦੂਰ ਰਹਿਣ ਦੇ ਆਪਣੇ ਸਿਧਾਂਤ ’ਤੇ ਕਾਇਮ ਹੈ ਅਤੇ ਕਿਸੇ ਸਿਆਸੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਵੇਗਾ।
ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਸੇਮ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਦੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ, ਨੌਜਵਾਨਾਂ ਅਤੇ ਸਮਰਪਿਤ ਆਗੂਆਂ ਨੂੰ ਅੱਗੇ ਲਿਆਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਅਤੇ ਪੰਥਕ ਮੁੱਦਿਆਂ ਲਈ ਕੰਮ ਕਰਨ ਵਾਲੇ ਨਵੇਂ ਚਿਹਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀ ਨੁਮਾਇੰਦਗੀ ਕਰ ਸਕਣ।
ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਭੂਮਿਕਾ ਪੰਜਾਬ ਅਤੇ ਪੰਥ ਨਾਲ ਜੁੜੇ ਸੰਘਰਸ਼ਾਂ ਵਿੱਚ ਸਹਿਯੋਗ ਦੇਣ ਤੱਕ ਹੀ ਸੀਮਤ ਰਹੇਗੀ, ਨਾ ਕਿ ਸਿਆਸੀ ਅਹੁਦੇ ਹਾਸਲ ਕਰਨ ਤੱਕ। ਤਰਸੇਮ ਸਿੰਘ ਇਸ ਸਮੇਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਵਜੋਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਉਨ੍ਹਾਂ ਦੀ ਰਿਹਾਈ ਅਤੇ ਐੱਨਐੱਸਏ ਹਟਾਉਣ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ ਜਾਂਦਾ ਹੈ, ਪਰ ਉਹ ਪਾਰਟੀ ਦੇ ਕਿਸੇ ਅਹੁਦੇ ’ਤੇ ਨਹੀਂ ਹਨ। ਇਸੇ ਤਰ੍ਹਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਸੰਗਠਨ ਵਿੱਚ ਕਿਸੇ ਅਧਿਕਾਰਕ ਜ਼ਿੰਮੇਵਾਰੀ ’ਤੇ ਤਾਇਨਾਤ ਨਹੀਂ ਹੈ।
ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਦਾਇਰੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਹੈ। ਪਾਰਟੀ ਵੱਲੋਂ ਨੌਜਵਾਨਾਂ ਅਤੇ ਆਮ ਵਰਕਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ।







