ਨੇਪਾਲ ਹੜ੍ਹ ਦੀ ਤਬਾਹੀ ਵਿਚਕਾਰ 40 ਸਾਲ ਪੁਰਾਣਾ ‘Green House’ ਬਣਿਆ ਸਹਾਰਾ, ਪਰਿਵਾਰ ਨੇ ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

Nepal Flood: ਤਬਾਹੀ ਵਿਚਕਾਰ 40 ਸਾਲ ਪੁਰਾਣਾ ‘ਗ੍ਰੀਨ ਹਾਊਸ’ ਰਿਹਾ ਅਡੋਲ, ਪਰਿਵਾਰ ਨੇ ਡੇਢ ਘੰਟਾ ਮੌਤ ਦਾ ਕੀਤਾ ਸਾਹਮਣਾ

ਕੁਦਰਤੀ ਆਫ਼ਤਾਂ ਦੇ ਸਾਹਮਣੇ ਵੱਡੇ ਤੋਂ ਵੱਡੇ ਢਾਂਚੇ ਵੀ ਪਲਾਂ ਵਿੱਚ ਢਹਿ ਜਾਂਦੇ ਹਨ, ਪਰ ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਇੱਕ 40 ਸਾਲ ਪੁਰਾਣਾ ਹਰਾ ਘਰ ਆਪਣੀ ਮਜ਼ਬੂਤੀ ਕਾਰਨ ਸਭ ਨੂੰ ਹੈਰਾਨ ਕਰ ਰਿਹਾ ਹੈ। ਨੁਵਾਕੋਟ ਜ਼ਿਲ੍ਹੇ ਵਿੱਚ ਤ੍ਰਿਸ਼ੂਲਾ ਨਦੀ ਦੇ ਤੇਜ਼ ਵਹਾਅ ਨੇ ਵਾਹਨਾਂ, ਇਮਾਰਤਾਂ ਅਤੇ ਹੋਰ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਪਰ ਇਹ ਘਰ ਵੱਡੇ ਪੱਧਰ ’ਤੇ ਸੁਰੱਖਿਅਤ ਰਿਹਾ।

26 ਅਗਸਤ ਨੂੰ ਆਏ ਅਚਾਨਕ ਹੜ੍ਹ ਦੌਰਾਨ ਘਰ ਦੇ ਮਾਲਕ ਪ੍ਰਕਾਸ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਘਰ ਵਿੱਚ ਮੌਜੂਦ ਸਨ। ਹੜ੍ਹ ਦਾ ਪਾਣੀ ਤੇਜ਼ੀ ਨਾਲ ਵਧਣ ਕਾਰਨ ਪਰਿਵਾਰ ਨੂੰ ਪਹਿਲਾਂ ਚੌਥੀ ਮੰਜ਼ਿਲ ਅਤੇ ਬਾਅਦ ਵਿੱਚ ਘਰ ਦੇ ਸਭ ਤੋਂ ਉੱਚੇ ਹਿੱਸੇ ’ਤੇ ਜਾਣਾ ਪਿਆ। ਪ੍ਰਕਾਸ਼ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਨਜ਼ਰ ਆ ਰਹੀ ਸੀ।

ਪ੍ਰਕਾਸ਼ ਮੁਤਾਬਕ, ਹੜ੍ਹ ਆਉਣ ਦੀ ਸੂਚਨਾ ਮਿਲਦੇ ਹੀ ਉਹ ਆਪਣੀ ਦੁਕਾਨ ਤੋਂ ਘਰ ਪਹੁੰਚਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੁਰੱਖਿਅਤ ਥਾਂ ’ਤੇ ਜਾਣ ਲਈ ਕਿਹਾ। ਇਸ ਦੌਰਾਨ ਉਸ ਨੇ ਬਾਹਰ ਦੇਖਿਆ ਤਾਂ ਹੜ੍ਹ ਦੇ ਤੇਜ਼ ਪਾਣੀ ਨੇ ਉਸ ਦਾ ਵਾਹਨ ਵੀ ਪਲਟ ਦਿੱਤਾ ਸੀ। ਪਾਣੀ ਲਗਾਤਾਰ ਵਧਦਾ ਗਿਆ ਅਤੇ ਆਖ਼ਰਕਾਰ ਘਰ ਦੀ ਚੌਥੀ ਮੰਜ਼ਿਲ ਤੱਕ ਪਹੁੰਚ ਗਿਆ।

ਇਸ ਮੁਸ਼ਕਲ ਘੜੀ ਵਿੱਚ ਪ੍ਰਕਾਸ਼ ਨੂੰ ਆਪਣੇ ਉਸ ਪੁੱਤਰ ਦੀ ਵੀ ਚਿੰਤਾ ਸਤਾਉਂਦੀ ਰਹੀ ਜੋ ਹੜ੍ਹ ਸਮੇਂ ਸਕੂਲ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਮੈਂਬਰ ਘਰ ਵਿੱਚ ਇਕੱਠੇ ਸਨ, ਪਰ ਪੁੱਤਰ ਦੇ ਘਰ ਨਾ ਹੋਣ ਕਾਰਨ ਉਸ ਦੀ ਸੁਰੱਖਿਆ ਨੂੰ ਲੈ ਕੇ ਉਹ ਲਗਾਤਾਰ ਚਿੰਤਤ ਰਿਹਾ।

ਮਜ਼ਬੂਤ ਨੀਂਹ ਬਣੀ ਘਰ ਦੇ ਬਚਣ ਦਾ ਕਾਰਨ

ਹਰੇ ਘਰ ਦੇ ਸੁਰੱਖਿਅਤ ਰਹਿਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਇਹ ਸਵਾਲ ਚਰਚਾ ਵਿੱਚ ਆ ਗਿਆ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਵਾਹਨ ਹੜ੍ਹ ਵਿੱਚ ਰੁੜ੍ਹ ਜਾਣ ਦੇ ਬਾਵਜੂਦ ਇਹ ਘਰ ਕਿਵੇਂ ਬਚ ਗਿਆ।

ਪ੍ਰਕਾਸ਼ ਨੇ ਦੱਸਿਆ ਕਿ ਘਰ ਕਰੀਬ ਚਾਰ ਦਹਾਕੇ ਪੁਰਾਣਾ ਹੈ ਅਤੇ ਇਸ ਦੀ ਨੀਂਹ ਕਾਫ਼ੀ ਮਜ਼ਬੂਤ ਬਣਾਈ ਗਈ ਸੀ। ਨਦੀ ਦੇ ਨੇੜੇ ਹੋਣ ਕਾਰਨ ਘਰ ਦੀ ਉਸਾਰੀ ਸਮੇਂ ਨੀਂਹ ਨੂੰ ਮਜ਼ਬੂਤ ਕਰਨ ’ਤੇ ਖਾਸ ਧਿਆਨ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਉਸ ਸਮੇਂ ਵਰਤੀ ਗਈ ਸੀਮੈਂਟ ਅਤੇ ਹੋਰ ਨਿਰਮਾਣ ਸਮੱਗਰੀ ਦੀ ਗੁਣਵੱਤਾ ਵੀ ਵਧੀਆ ਸੀ।

ਹਾਲਾਂਕਿ ਘਰ ਦਾ ਹੇਠਲਾ ਹਿੱਸਾ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦੁਕਾਨ ਵਿੱਚ ਰੱਖਿਆ ਵੱਡੀ ਮਾਤਰਾ ਵਿੱਚ ਸਮਾਨ ਤਬਾਹ ਹੋ ਗਿਆ, ਜਦਕਿ ਦੋ ਵਾਹਨਾਂ ਸਮੇਤ ਬਾਈਕ ਅਤੇ ਸਕੂਟਰ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ।

ਘਰ ਦੀ ਮਾਲਕਣ ਲਕਸ਼ਮੀ ਪਾਂਡੇ ਨੇ ਪਰਿਵਾਰ ਦੇ ਬਚਾਅ ਨੂੰ ਦੂਜਾ ਜਨਮ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਪਾਣੀ ਘਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਪਰਿਵਾਰ ਨੇ ਉਪਰਲੀ ਮੰਜ਼ਿਲ ’ਤੇ ਜਾ ਕੇ ਆਪਣੀ ਜਾਨ ਬਚਾਈ।

ਡੇਢ ਘੰਟੇ ਤੱਕ ਫਸਿਆ ਰਿਹਾ ਪਰਿਵਾਰ

ਹੜ੍ਹ ਦਾ ਪਾਣੀ ਕੁਝ ਘੱਟ ਹੋਣ ਤੋਂ ਪਹਿਲਾਂ ਪਰਿਵਾਰ ਲਗਪਗ ਡੇਢ ਘੰਟੇ ਤੱਕ ਘਰ ਵਿੱਚ ਫਸਿਆ ਰਿਹਾ। ਬਾਅਦ ਵਿੱਚ ਨੇੜਲੇ ਟੋਲ ਖੇਤਰ ਦੇ ਕੁਝ ਲੋਕ ਮਦਦ ਲਈ ਪਹੁੰਚੇ। ਉਨ੍ਹਾਂ ਨੇ ਇਮਾਰਤਾਂ ਵਿਚਕਾਰ ਪਾਈਪ ਅਤੇ ਰੱਸੀ ਦੀ ਮਦਦ ਨਾਲ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ।

ਹੜ੍ਹ ਕਾਰਨ ਪਰਿਵਾਰ ਦੀ ਜਾਇਦਾਦ ਅਤੇ ਦੁਕਾਨ ਦਾ ਵੱਡਾ ਹਿੱਸਾ ਨਸ਼ਟ ਹੋ ਗਿਆ ਹੈ। ਘਰ ਵਿੱਚ ਰੱਖਿਆ ਜ਼ਿਆਦਾਤਰ ਸਮਾਨ ਜਾਂ ਤਾਂ ਪਾਣੀ ਵਿੱਚ ਰੁੜ੍ਹ ਗਿਆ ਜਾਂ ਚਿੱਕੜ ਹੇਠ ਦੱਬ ਗਿਆ। ਪਰਿਵਾਰ ਹੁਣ ਆਪਣੀ ਜ਼ਿੰਦਗੀ ਨੂੰ ਮੁੜ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਫਿਲਹਾਲ ਪਰਿਵਾਰ ਕਾਠਮੰਡੂ ਵਿੱਚ ਰਹਿ ਰਿਹਾ ਹੈ ਅਤੇ ਘਰ ਵਿੱਚ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਨੁਵਾਕੋਟ ਤੋਂ ਰਸੂਆ ਵੱਲ ਜਾਣ ਵਾਲੇ ਰਸਤੇ ’ਤੇ ਸਥਿਤ ਇਹ ਹਰਾ ਘਰ ਹੜ੍ਹ ਦੀ ਭਿਆਨਕ ਤਬਾਹੀ ਦਰਮਿਆਨ ਮਜ਼ਬੂਤੀ ਅਤੇ ਬਚਾਅ ਦੀ ਇੱਕ ਅਨੋਖੀ ਮਿਸਾਲ ਵਜੋਂ ਸਾਹਮਣੇ ਆਇਆ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਨੇਪਾਲ ਆਰਮੀ ਵੱਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।