ਬਾਲੀਵੁੱਡ ਦੇ ਮਹਾਨ ਅਦਾਕਾਰਾਂ ਵਿੱਚੋਂ ਇੱਕ ਅਤੇ ‘ਹੀ-ਮੈਨ’ ਦੇ ਨਾਮ ਨਾਲ ਮਸ਼ਹੂਰ ਧਰਮਿੰਦਰ ਦਾ ਅੱਜ, 24 ਨਵੰਬਰ 2025 ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ।
ਲੰਬੇ ਸਮੇਂ ਤੋਂ ਸਿਹਤ ਖਰਾਬ, ਸਾਹ ਲੈਣ ਵਿੱਚ ਦਿੱਕਤ
ਮੀਡੀਆ ਰਿਪੋਰਟਾਂ ਅਨੁਸਾਰ ਧਰਮਿੰਦਰ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਸਾਹ ਲੈਣ ਵਿੱਚ ਤਕਲੀਫ਼ ਕਾਰਨ ਉਹਨਾਂ ਨੂੰ 31 ਅਕਤੂਬਰ 2025 ਤੋਂ ਕੁਝ ਦਿਨ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।
12 ਨਵੰਬਰ ਨੂੰ ਉਨ੍ਹਾਂ ਨੂੰ ਘਰ ਛੁੱਟੀ ਮਿਲ ਗਈ ਸੀ, ਪਰ ਡਾਕਟਰਾਂ ਦੀ ਟੀਮ ਘਰ ‘ਤੇ ਵੀ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਸੀ। ਕੁਝ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ‘ਤੇ ਹਨ।
ਹੇਮਾ ਮਾਲਿਨੀ ਨੇ ਮੌਤ ਦੀਆਂ ਅਫਵਾਹਾਂ ਨੂੰ ਕੀਤਾ ਸੀ ਰੱਦ
ਇਸ ਤੋਂ ਪਹਿਲਾਂ ਵੀ ਧਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ ‘ਤੇ ਫੈਲ ਚੁੱਕੀਆਂ ਸਨ। ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦੀਆਂ ਬੇਟੀਆਂ ਵਿਦੇਸ਼ ਤੋਂ ਵਾਪਸ ਆ ਰਹੀਆਂ ਹਨ। ਪਰ ਹੇਮਾ ਮਾਲਿਨੀ ਨੇ ਇਹ ਸਾਰੀਆਂ ਅਫਵਾਹਾਂ ਨੂੰ ਝੂਠਲਾ ਦਿੱਤਾ ਸੀ ਅਤੇ ਕਿਹਾ ਸੀ ਕਿ ਧਰਮਿੰਦਰ ਦੀ ਸਿਹਤ ਸੁਧਰ ਰਹੀ ਹੈ ਅਤੇ ਉਹ ਡਾਕਟਰਾਂ ਦੀ ਦੇਖ-ਭਾਲ ਹੇਠ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਬਿਸਤਰੇ ‘ਤੇ ਲੇਟੇ ਹੋਏ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਪਰਿਵਾਰ ਦੇ ਮੈਂਬਰ ਭਾਵੁਕ ਦਿਖਾਈ ਦੇ ਰਹੇ ਸਨ।
ਬਾਲੀਵੁੱਡ ਸਿਤਾਰਿਆਂ ਨੇ ਕੀਤਾ ਸੀ ਧਰਮਿੰਦਰ ਦਾ ਦਰਸ਼ਨ
ਕਈ ਫਿਲਮੀ ਹਸਤੀਆਂ ਧਰਮਿੰਦਰ ਦੀ ਸਿਹਤ ਬਾਰੇ ਜਾਣਨ ਲਈ ਹਸਪਤਾਲ ਅਤੇ ਉਨ੍ਹਾਂ ਦੇ ਘਰ ਪਹੁੰਚੀਆਂ ਸਨ। ਇਨ੍ਹਾਂ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਅਮੀਸ਼ਾ ਪਟੇਲ, ਗੋਵਿੰਦਾ ਅਤੇ ਅਮਿਤਾਭ ਬੱਚਨ ਸ਼ਾਮਲ ਸਨ। ਇਸ ਤੋਂ ਇਲਾਵਾ, ਹਫ਼ਤੇ ਦੀ ਸ਼ੁਰੂਆਤ ਵਿਚ ਸ਼ਤਰੂਘਨ ਸਿਨਹਾ ਅਤੇ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਵੀ ਧਰਮਿੰਦਰ ਨਾਲ ਮੁਲਾਕਾਤ ਕੀਤੀ ਸੀ।
ਅੰਤਿਮ ਸੰਸਕਾਰ ਅੱਜ ਹੋਵੇਗਾ
ਸੂਤਰਾਂ ਅਨੁਸਾਰ, ਅੱਜ (24 ਨਵੰਬਰ 2025) ਧਰਮਿੰਦਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਜਾ ਰਿਹਾ ਹੈ।






