ਜੇ ਪੰਜਾਬ Vs ਮੁੰਬਈ ਕੁਆਲੀਫਾਇਰ ਮੀਂਹ ਨਾਲ ਰੱਦ ਹੋਇਆ ਤਾਂ ਕੌਣ ਜਾਵੇਗਾ ਫਾਈਨਲ ਚ ਇਹ ਹੈ ਰੂਲ

ਮੁਲਾਂਪੁਰ ਵਿੱਚ ਖੇਡਿਆ ਗਿਆ ਐਲੀਮੀਨੇਟਰ ਮੈਚ, ਮੌਸਮ ਕਾਰਨ ਚਿੰਤਾ

ਸ਼ੁੱਕਰਵਾਰ, 30 ਮਈ ਦੀ ਰਾਤ ਨੂੰ, ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਐਲੀਮੀਨੇਟਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ, ਮੁੰਬਈ ਇੰਡੀਅਨਜ਼ ਨੇ 1 ਜੂਨ ਨੂੰ ਹੋਣ ਵਾਲੇ ਕੁਆਲੀਫਾਇਰ 2 ਵਿੱਚ ਪੰਜਾਬ ਕਿੰਗਜ਼ ਨਾਲ ਟਕਰਾਉਣ ਦਾ ਮੌਕਾ ਹਾਸਲ ਕੀਤਾ ਹੈ, ਜੋ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਮੌਸਮ ਦੀ ਚਿੰਤਾ ਕਾਰਨ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਫਾਈਨਲ ਵਿੱਚ ਕੌਣ ਜਾਵੇਗਾ? ਆਈਪੀਐਲ 2025 ਦੇ ਨਿਯਮਾਂ ਅਨੁਸਾਰ, ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਅਗਲੇ ਦਿਨ (2 ਜੂਨ) ਰਿਜ਼ਰਵ ਡੇਅ ਤੇ ਖੇਡ ਹੋਵੇਗੀ। ਜੇਕਰ ਰਿਜ਼ਰਵ ਡੇਅ ਵੀ ਮੀਂਹ ਕਾਰਨ ਧੋਤਾ ਜਾਂਦਾ ਹੈ, ਤਾਂ ਲੀਗ ਸਟੇਜ ਦੀਆਂ ਅੰਕਾਂ ਦੇ ਆਧਾਰ ‘ਤੇ ਪੰਜਾਬ ਕਿੰਗਜ਼, ਜਿਸਦੇ 19 ਅੰਕ ਹਨ, ਫਾਈਨਲ ਵਿੱਚ ਜਾਵੇਗੀ। ਮੁੰਬਈ ਇੰਡੀਅਨਜ਼ ਦੇ 16 ਅੰਕ ਹਨ, ਜਿਸ ਕਾਰਨ ਉਹ ਬਾਹਰ ਹੋ ਜਾਵੇਗੀ।

ਮੌਸਮ ਦੀ ਭਵਿੱਖਬਾਣੀ

AccuWeather ਦੀ ਜਾਣਕਾਰੀ ਮੁਤਾਬਕ, 1 ਜੂਨ ਨੂੰ ਅਹਿਮਦਾਬਾਦ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਿਰਫ 2% ਹੈ, ਜਦਕਿ 2 ਜੂਨ ਨੂੰ ਇਹ ਸੰਭਾਵਨਾ 25% ਹੈ। ਇਸ ਦੌਰਾਨ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੈਚ ਪਹਿਲੇ ਦਿਨ ਹੀ ਹੋ ਜਾਵੇਗਾ।