ਨਵੀਂ ਦਿੱਲੀ: ਅੰਮ੍ਰਿਤਸਰ-ਦਿੱਲੀ-ਮਿਊਨਿਖ ਰੂਟ ’ਤੇ ਤਿੰਨ ਯਾਤਰੀਆਂ ਦੇ ਬਿਨਾਂ ਇਮੀਗ੍ਰੇਸ਼ਨ ਕਲੀਅਰੈਂਸ ਜਰਮਨੀ ਪਹੁੰਚਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਨੇ ਆਪਣੇ ਇੱਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਵੀ ਸਖ਼ਤ ਨੋਟਿਸ ਲੈਂਦਿਆਂ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਤਿੰਨ ਇਤਾਲਵੀ ਨਾਗਰਿਕ—ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਗੁਰਦੇਵ ਸਿੰਘ—3 ਅਤੇ 4 ਸਤੰਬਰ ਦੀ ਦਰਮਿਆਨੀ ਰਾਤ ਏਅਰ ਇੰਡੀਆ ਦੀ ਫਲਾਈਟ ਏਆਈ-1115 ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 4 ਸਤੰਬਰ ਦੀ ਸਵੇਰ ਲੁਫ਼ਥਾਂਸਾ ਦੀ ਮਿਊਨਿਖ ਜਾਣ ਵਾਲੀ ਫਲਾਈਟ ਐੱਲਐੱਚ-763 ਰਾਹੀਂ ਯਾਤਰਾ ਕੀਤੀ, ਜਦਕਿ ਉਨ੍ਹਾਂ ਦੀ ਲਾਜ਼ਮੀ ਇਮੀਗ੍ਰੇਸ਼ਨ ਜਾਂਚ ਨਹੀਂ ਹੋਈ ਸੀ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਸਿਰਫ਼ ਘਰੇਲੂ ਯਾਤਰਾ ਲਈ ਬੋਰਡਿੰਗ ਪਾਸ ਜਾਰੀ ਹੋਣੇ ਚਾਹੀਦੇ ਸਨ, ਪਰ ਉਨ੍ਹਾਂ ਨੂੰ ਅੱਗੇ ਦੀ ਕੌਮਾਂਤਰੀ ਉਡਾਣ ਲਈ ਵੀ ਬੋਰਡਿੰਗ ਪਾਸ ਦੇ ਦਿੱਤੇ ਗਏ। ਦਿੱਲੀ ਪਹੁੰਚਣ ’ਤੇ ਉਨ੍ਹਾਂ ਨੂੰ ਡੋਮੈਸਟਿਕ ਟਰਾਂਸਫਰ ਰੂਟ ਦੀ ਬਜਾਏ ਅੰਤਰਰਾਸ਼ਟਰੀ ਟਰਾਂਸਫਰ ਖੇਤਰ ਵੱਲ ਭੇਜ ਦਿੱਤਾ ਗਿਆ, ਜਿਸ ਕਾਰਨ ਉਹ ਇਮੀਗ੍ਰੇਸ਼ਨ ਪ੍ਰਕਿਰਿਆ ਤੋਂ ਬਿਨਾਂ ਹੀ ਮਿਊਨਿਖ ਵਾਲੀ ਉਡਾਣ ਤੱਕ ਪਹੁੰਚ ਗਏ।
ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਸ ਘਟਨਾ ਸਬੰਧੀ ਏਅਰ ਇੰਡੀਆ ਤੋਂ ਸਪੱਸ਼ਟੀਕਰਨ ਮੰਗਿਆ ਸੀ ਅਤੇ ਪੁੱਛਿਆ ਸੀ ਕਿ ਮਿਆਰੀ ਕਾਰਜ ਪ੍ਰਕਿਰਿਆ (SOP) ਦੀ ਉਲੰਘਣਾ ਅਤੇ ਲੋੜੀਂਦੀ ਜਾਂਚ ਨਾ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਮੰਤਰਾਲੇ ਵੱਲੋਂ ਕੀਤੀ ਸਮੀਖਿਆ ਦੌਰਾਨ ਬੋਰਡਿੰਗ ਪਾਸ ਜਾਰੀ ਕਰਨ ਤੋਂ ਲੈ ਕੇ ਯਾਤਰੀਆਂ ਦੇ ਟਰਾਂਸਫਰ ਅਤੇ ਕਨੈਕਟਿੰਗ ਫਲਾਈਟ ਤੱਕ ਦੇ ਪੂਰੇ ਸਫ਼ਰ ਦੀ ਜਾਂਚ ਕੀਤੀ ਗਈ ਹੈ। ਇਸ ਮਾਮਲੇ ਵਿੱਚ ‘ਡਿਜੀਯਾਤਰਾ’ ਪ੍ਰਣਾਲੀ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਸਰਕਾਰ ਹੁਣ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਾਧੂ ਜਾਂਚ ਪੜਾਅ ਜੋੜਣ ’ਤੇ ਵਿਚਾਰ ਕਰ ਰਹੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਯਾਤਰੀ ਲਈ ਇਮੀਗ੍ਰੇਸ਼ਨ ਜਾਂਚ ਤੋਂ ਬਿਨਾਂ ਕੌਮਾਂਤਰੀ ਯਾਤਰਾ ਕਰਨਾ ਸੰਭਵ ਨਾ ਹੋਵੇ। ਇਸ ਤਹਿਤ ਟਰਾਂਸਫਰ ਪੁਆਇੰਟਾਂ ’ਤੇ ਬੋਰਡਿੰਗ ਪਾਸਾਂ ਦੀ ਸਖ਼ਤ ਜਾਂਚ ਅਤੇ ਗਰਾਊਂਡ ਸਟਾਫ਼ ਵੱਲੋਂ ਵਾਧੂ ਤਸਦੀਕ ਵਰਗੇ ਕਦਮਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।







