ਬੰਬ ਧਮਕੀਆਂ ਨਾਲ ਨਜਿੱਠਣ ਲਈ ਚੰਡੀਗੜ੍ਹ ਪੁਲਿਸ ਨੇ ਸਟੇਕਹੋਲਡਰਜ਼ ਨਾਲ ਕੀਤੀ ਅਹਿਮ ਮੀਟਿੰਗ
ਈਮੇਲ ਰਾਹੀਂ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਮੰਗਲਵਾਰ ਨੂੰ ਵੱਖ-ਵੱਖ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮਕਸਦ ਅਜਿਹੀਆਂ ਧਮਕੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਕਾਇਮ ਕਰਨਾ ਅਤੇ ਮਜ਼ਬੂਤ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਤਿਆਰ ਕਰਨਾ ਸੀ।
ਚੰਡੀਗੜ੍ਹ ਪੁਲਿਸ ਦੇ ਪੀਆਰਓ ਅਨੁਸਾਰ ਮੀਟਿੰਗ ਦੀ ਅਗਵਾਈ ਐਸਐਸਪੀ ਕੰਵਰਦੀਪ ਕੌਰ ਨੇ ਕੀਤੀ। ਇਸ ਮੌਕੇ ਐਸਐਸਪੀ (ਆਪਰੇਸ਼ਨਜ਼) ਰਾਜੇਸ਼ ਸ਼ਰਮਾ ਅਤੇ ਐਸਪੀ (ਸਿਟੀ) ਵਿਜੇ ਕੁਮਾਰ ਸਮੇਤ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ, ਵੱਡੇ ਹਸਪਤਾਲਾਂ, ਫਾਇਰ ਤੇ ਐਮਰਜੈਂਸੀ ਸੇਵਾਵਾਂ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ।
ਦੱਸਿਆ ਗਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਇਮਾਰਤਾਂ ਨੂੰ ਈਮੇਲ ਰਾਹੀਂ ਬੰਬ ਧਮਕੀਆਂ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਚੰਡੀਗੜ੍ਹ ਵਿੱਚ ਵੀ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਮੀਟਿੰਗ ਦੌਰਾਨ ਐਸਐਸਪੀ ਕੰਵਰਦੀਪ ਕੌਰ ਨੇ ਸਾਰੀਆਂ ਸੰਸਥਾਵਾਂ ਨੂੰ ਆਪਣੇ-ਆਪਣੇ ਅਹਾਤਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵੱਲੋਂ ਸਕੂਲਾਂ, ਹਸਪਤਾਲਾਂ ਅਤੇ ਹੋਰ ਸੰਵੇਦਨਸ਼ੀਲ ਸੰਸਥਾਵਾਂ ਵਿੱਚ ਲੋੜ ਅਨੁਸਾਰ ਵਾਧੂ ਸੁਰੱਖਿਆ ਉਪਾਅ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ।
ਇਨ੍ਹਾਂ ਸੁਰੱਖਿਆ ਉਪਾਵਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣਾ, ਡੋਰ ਫਰੇਮ ਮੈਟਲ ਡਿਟੈਕਟਰ (DFMD) ਲਗਾਉਣਾ ਅਤੇ ਹੋਰ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣਾ ਸ਼ਾਮਲ ਹੈ। ਪੁਲਿਸ ਵੱਲੋਂ ਸਾਰੀਆਂ ਸਬੰਧਤ ਸੰਸਥਾਵਾਂ ਨਾਲ ਤਾਲਮੇਲ ਬਣਾਈ ਰੱਖਦਿਆਂ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਤਿਆਰੀ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।






