ਖਾਲੜਾ ਪੁਲਿਸ ਦੀ ਵੱਡੀ ਕਾਰਵਾਈ: 1.32 ਕਿਲੋ ਹੈਰੋਇਨ ਸਮੇਤ 2 ਨੌਜਵਾਨ ਗ੍ਰਿਫ਼ਤਾਰ

ਖਾਲੜਾ: ਸਰਹੱਦੀ ਇਲਾਕਿਆਂ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਖਾਲੜਾ ਪੁਲਿਸ ਨੂੰ ਮਹੱਤਵਪੂਰਨ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ 1 ਕਿਲੋ 32 ਗ੍ਰਾਮ ਹੈਰੋਇਨ, ਇੱਕ ਮੋਬਾਇਲ ਫੋਨ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।

ਇਹ ਕਾਰਵਾਈ ਸੁਰੇਂਦਰ ਲਾਂਬਾ ਅਤੇ ਰਿਪੁਦਮਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਥਾਣਾ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਪ੍ਰੀਤਇੰਦਰ ਸਿੰਘ ਦੀ ਨਿਗਰਾਨੀ ਵਿੱਚ ਖਾਸ ਟੀਮਾਂ ਬਣਾਕੇ ਇਲਾਕੇ ਵਿੱਚ ਸਖ਼ਤ ਚੈਕਿੰਗ ਮੁਹਿੰਮ ਚਲਾਈ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸਾਜਨ (ਪਿੰਡ ਡੱਲ) ਅਤੇ ਲਵਪ੍ਰੀਤ ਸਿੰਘ (ਚੇਲਾ ਕਲੋਨੀ) ਵਜੋਂ ਹੋਈ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ. ਗੁਰਸਾਹਿਬ ਸਿੰਘ ਆਪਣੀ ਟੀਮ ਨਾਲ ਪਿੰਡ ਵਾਂ ਤਾਰਾ ਸਿੰਘ ਨੇੜੇ ਗਸ਼ਤ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਇੱਕ ਮੋਟਰਸਾਈਕਲ ‘ਤੇ ਆ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ।

ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ, ਜਿਸ ਵਿੱਚੋਂ 1.32 ਕਿਲੋ ਹੈਰੋਇਨ ਬਰਾਮਦ ਹੋਈ। ਨਾਲ ਹੀ ਇੱਕ ਮੋਬਾਇਲ ਫੋਨ ਵੀ ਜ਼ਬਤ ਕੀਤਾ ਗਿਆ। ਪ੍ਰਾਰੰਭਿਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਸ ਫੋਨ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਕਰਕੇ ਨਸ਼ੇ ਦੀ ਖੇਪ ਮੰਗਵਾਉਂਦੇ ਸਨ।

ਇਸ ਮਾਮਲੇ ਵਿੱਚ ਥਾਣਾ ਖਾਲੜਾ ਵਿੱਚ ਐਫਆਈਆਰ ਨੰਬਰ 72 (ਮਿਤੀ 27 ਮਾਰਚ 2026) ਦਰਜ ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਅਤੇ ਸੰਭਾਵਿਤ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਨਾਲ ਸਬੰਧਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।