ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਾਅਦ ਲੋਕਾਂ ਵਿਚ ਕਾਫ਼ੀ ਡਰ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਹੋਏ ਹੋਰ ਜਹਾਜ਼ ਹਾਦਸਿਆਂ ਨੇ ਵੀ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਘਟਨਾ ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਨੋਵਾ ਸਕੋਸ਼ੀਆ ਵਿੱਚ ਸਾਹਮਣੇ ਆਈ, ਜਿਥੇ ਸ਼ੁੱਕਰਵਾਰ ਦੁਪਹਿਰ ਨੂੰ ਜੰਗਲ ਦੀ ਅੱਗ ਨਾਲ ਜੂਝ ਰਹੇ ਇੱਕ ਹੈਲੀਕਾਪਟਰ ਨੂੰ ਹਾਦਸਾ ਵਾਪਰ ਗਿਆ ਅਤੇ ਉਹ ਝੀਲ ਵਿੱਚ ਡਿੱਗ ਪਿਆ।
ਖੁਸ਼ਕਿਸਮਤੀ ਨਾਲ, ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈ ਹੈ। ਸੂਬਾਈ ਕੁਦਰਤੀ ਸਰੋਤ ਵਿਭਾਗ ਦੇ ਹਵਾਲੇ ਨਾਲ ਸੀਬੀਸੀ ਨਿਊਜ਼ ਨੇ ਦੱਸਿਆ ਕਿ ਐਨਾਪੋਲਿਸ ਕਾਊਂਟੀ ਵਿੱਚ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਇਹ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ।
ਰਿਪੋਰਟਾਂ ਅਨੁਸਾਰ, ਹਾਦਸੇ ਸਮੇਂ ਪਾਇਲਟ ਪੂਰੀ ਤਰ੍ਹਾਂ ਹੋਸ਼ ਵਿੱਚ ਸੀ ਅਤੇ ਉਸਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਿਜਲੀ ਡਿੱਗਣ ਕਾਰਨ ਬੁੱਧਵਾਰ ਨੂੰ ਲੱਗੀ ਸੀ। ਇਸ ਘਟਨਾ ਬਾਰੇ ਟਰਾਂਸਪੋਰਟ ਕੈਨੇਡਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ।